ਪਟਨਾ ਸਾਹਿਬ, 9 ਸਤੰਬਰ 2025 – ਸੋਮਵਾਰ ਨੂੰ ਬਿਹਾਰ ਸੂਬੇ ‘ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਦਿੱਤੀ ਗਈ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸੋਮਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮੇਲ ‘ਤੇ ਇੱਕ ਈਮੇਲ ਭੇਜੀ ਗਈ ਸੀ, ਜਿਸ ‘ਚ ਲੰਗਰ ਹਾਲ ‘ਚ 4 ਆਰਡੀਐਕਸ ਆਧਾਰਿਤ ਐਲਈਡੀਐਸ ਲਾਏ ਜਾਣ ਦੀ ਧਮਕੀ ਦਿੱਤੀ ਗਈ ਸੀ।
ਇਸ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਬੰਬ ਸਕੁਐਡ, ਸਰਚ ਸਕੁਐਡ ਅਤੇ ਹੋਰ ਟੀਮਾਂ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚੀਆਂ ਅਤੇ ਆਰਡੀਐਕਸ ਅਤੇ ਬੰਬ ਆਦਿ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਸਰਚ ਕਰਨ ਤੋਂ ਬਾਅਦ ਵੀ ਕੋਈ ਵੀ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਇਸ ਸਬੰਧੀ ਡੀਐਸਪੀ-2 ਡਾ. ਗੌਰਵ ਕੁਮਾਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਇੱਕ ਮੇਲ ਭੇਜੀ ਗਈ ਸੀ , ਜਿਸ ਵਿੱਚ ਕਿਹਾ ਗਿਆ ਸੀ ਕਿ ਲੰਗਰ ਦੇ ਨੇੜੇ ਚਾਰ ਆਰਡੀਐਕਸ ਸਨ। ਇਹ ਮੇਲ ਜਾਂਚ ਲਈ ਸਾਈਬਰ ਸੈੱਲ ਨੂੰ ਦਿੱਤਾ ਗਿਆ ਹੈ।
