ਬਟਾਲਾ, 12 ਸਤੰਬਰ 2025 – ਬਟਾਲਾ ਦੇ ਨੇੜਲੇ ਪਿੰਡ ਮੂਲਿਆਂਵਾਲ ‘ਚ ਅੱਜ ਦਿਨ-ਦਿਹਾੜੇ 50 ਸਾਲਾਂ ਕੁਲਵੰਤ ਸਿੰਘ ਵਿਅਕਤੀ ਦਾ ਕਤਲ ਕੀਤਾ ਗਿਆ। ਜਾਣਕਾਰੀ ਮੁਤਾਬਕ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਕੁਲਵੰਤ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਮ੍ਰਿਤਕ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਮੁਤਾਬਕ ਵਾਰਦਾਤ ਦੌਰਾਨ ਕੁਲਵੰਤ ਸਿੰਘ ਅਤੇ ਉਸ ਪਤਨੀ ਤੇ ਧੀ ਘਰ ‘ਚ ਸਨ।
ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 11 ਵਜੇ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਅੰਦਰ ਵੜਦੇ ਹੀ ਘਰ ਦੇ ਮਾਲਕ ਕੁਲਵੰਤ ਸਿੰਘ ‘ਤੇ ਤਾਬੜਤੋੜ ਫਾਇਰ ਕਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਵੱਲੋਂ ‘ਚ 5 ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ‘ਤੇ ਫ਼ਰਾਰ ਹੋ ਗਏ। ਜਦਕਿ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਜਖ਼ਮੀ ਹਾਲਤ ‘ਚ ਕੁਲਵੰਤ ਸਿੰਘ ਨੂੰ ਇਲਾਜ ਲਈ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਅਤੇ ਹਾਲਤ ਗੰਭੀਰ ਹੋਣ ਦੇ ਚੱਲਦੇ ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤਾ ਗਿਆ, ਜਿੱਥੇ ਕੁਲਵੰਤ ਸਿੰਘ ਦੀ ਮੌਤ ਹੋ ਗਈ ।
ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਖ਼ੁਦ ਤਾਂ ਈ-ਰਿਕਸ਼ਾ ਚਲਾਉਂਦਾ ਹੈ ਅਤੇ ਉਸ ਦੇ ਦੋ ਬੇਟੇ ਹਨ। ਇੱਕ ਬਟਾਲਾ ਤੋਂ ਬਾਹਰ ਰਹਿੰਦਾ ਹੈ ਅਤੇ ਇੱਕ ਬੇਟਾ ਕਿਸੇ ਕੇਸ ‘ਚ ਜੇਲ ‘ਚ ਹੈ । ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਵਲੋਂ ਮੌਕੇ ‘ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ।

