ਚੰਡੀਗੜ੍ਹ, 13 ਸਤੰਬਰ 2025 – ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਮਗਰੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਇਕ ਚਿੱਠੀ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਸੁਣ ਕੇ ਮੇਰੀ ਅੰਤਰ-ਆਤਮਾ ਨੂੰ ਬਹੁਤ ਦੁੱਖ਼ ਪਹੁੰਚਿਆ ਹੈ। ਮੇਰਾ ਮੰਨਣਾ ਹੈ ਕਿ ਇਹ ਸਜ਼ਾ ਮੈਨੂੰ ਨਹੀਂ ਹੋਈ, ਇਹ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿਚ ਸਜ਼ਾ ਮਿਲੀ ਜੋ ਜੁਰਮ ਮੈਂ ਕੀਤਾ ਹੀ ਨਹੀਂ। ਅਸੀਂ ਇਸ ਫ਼ੈਸਲੇ ਦੇ ਵਿਰੁੱਧ ਹਾਈਕੋਰਟ ਵਿਚ ਅਪੀਲ ਕਰਾਂਗੇ। ਮੈਨੂੰ ਹਾਈਕੋਰਟ ‘ਤੇ ਪੂਰਾ ਭਰੋਸਾ ਹੈ, ਮੈਨੂੰ ਇਸ ਵਿਚ ਇਨਸਾਫ਼ ਮਿਲੇਗਾ।
ਦੱਸ ਦਈਏ ਕਿ ਬੀਤੇ ਦਿਨ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ ‘ਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2013 ਦਾ ਹੈ, ਜਦੋਂ ਉਸਮਾ ਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਲਪੁਰਾ ਤੇ ਉਸਦੇ ਸਾਥੀਆਂ ਨੇ ਉਸ ਨਾਲ ਵਿਆਹ ਸਮਾਗਮ ਦੌਰਾਨ ਛੇੜਛਾੜ ਕੀਤੀ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦਾਅਵਾ ਕੀਤਾ ਗਿਆ ਸੀ ਕਿ 3 ਮਾਰਚ 2013 ਨੂੰ ਗੋਇੰਦਵਾਲ ਸਾਹਿਬ ਰੋਡ ‘ਤੇ ਇਕ ਮੈਰਿਜ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਤਰਨ ਤਾਰਨ ਸਿਟੀ ਪੁਲਿਸ ਦੇ ਮੁਲਾਜ਼ਮਾਂ ਸਮੇਤ ਹੋਰ ਲੋਕਾਂ ਨੇ ਉਸ ਤੇ ਹਮਲਾ ਕੀਤਾ। ਪੀੜਤਾ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਸ ਨਾਲ ਅਪਮਾਨਜਨਕ ਵਤੀਰਾ ਕੀਤਾ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।

