- ਤੇਜ਼ ਰਫ਼ਤਾਰ ਕ੍ਰੇਟਾ ਨੇ ਤਿੰਨ ਗੱਡੀਆਂ ਨੂੰ ਮਾਰੀ ਟੱਕਰ
- ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਜਲੰਧਰ, 14 ਸਤੰਬਰ 2025 – ਜਲੰਧਰ ਵਿੱਚ, ਰਾਤ 10:45 ਵਜੇ ਦੇ ਕਰੀਬ, ਸਾਬਕਾ ਸੰਸਦ ਮੈਂਬਰ (MP) ਅਤੇ ਸੀਨੀਅਰ ਅਕਾਲੀ ਦਲ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਿਚੀ ਕੇਪੀ (36) ਵਜੋਂ ਹੋਈ ਹੈ, ਜੋ ਮਾਡਲ ਟਾਊਨ ਦਾ ਰਹਿਣ ਵਾਲਾ ਸੀ। ਇਹ ਹਾਦਸਾ ਸ਼ਹਿਰ ਦੇ ਇੱਕ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਮਾਤਾ ਰਾਣੀ ਚੌਕ ਨੇੜੇ ਵਾਪਰਿਆ। ਘਟਨਾ ਸਮੇਂ ਮਹਿੰਦਰ ਸਿੰਘ ਕੇਪੀ ਆਪਣੇ ਘਰ ਵਿੱਚ ਮੌਜੂਦ ਸੀ।
ਕੇਪੀ ਦਾ ਪੁੱਤਰ ਮਾਡਲ ਟਾਊਨ ਵਿੱਚ ਮਾਤਾ ਰਾਣੀ ਚੌਕ ਨੇੜੇ ਇੱਕ ਕਾਰ ਵਿੱਚ ਜਾ ਰਿਹਾ ਸੀ। ਜਿੱਥੇ 4 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ। ਰਿਚੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਗਰਦਨ ਦਾ ਮਣਕਾ ਟੁੱਟ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਉਸਦਾ ਬਹੁਤ ਸਾਰਾ ਖੂਨ ਵਹਿ ਗਿਆ ਸੀ।
ਮਹੇਂਦਰ ਸਿੰਘ ਕੇਪੀ ਦੇ ਰਿਸ਼ਤੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਕੇਪੀ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਹ ਹਾਦਸਾ ਮਾਤਾ ਰਾਣੀ ਚੌਕ ਨੇੜੇ ਤੇਜ਼ ਰਫ਼ਤਾਰ ਕ੍ਰੇਟਾ ਕਾਰ ਕਾਰਨ ਵਾਪਰਿਆ। ਘਟਨਾ ਸਮੇਂ ਕੇਪੀ ਦਾ ਪੁੱਤਰ ਆਪਣੀ ਫਾਰਚੂਨਰ ਕਾਰ ਵਿੱਚ ਸਵਾਰ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਕ੍ਰੇਟਾ ਕਾਰ ਨੇ ਪਹਿਲਾਂ ਦੋ ਕਾਰਾਂ ਨੂੰ ਟੱਕਰ ਮਾਰੀ, ਫਿਰ ਫਾਰਚੂਨਰ ਨਾਲ ਟਕਰਾ ਗਈ। ਦੂਜੀਆਂ ਕਾਰਾਂ ਵਿੱਚ ਬੈਠੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਪਰ ਰਿਚੀ ਦੀ ਮੌਤ ਹੋ ਗਈ। ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
