ਨੰਗਲ 14 ਸਤੰਬਰ 2025 – ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੇਵਾ ਸਦਨ, 2 ਆਰ.ਵੀ.ਆਰ ਨੰਗਲ ਵਿਖੇ ਲਗਾਏ ਗਏ ਆਪਣੇ ਹਫਤਾਵਾਰੀ ‘ਜਨਤਾ ਦਰਬਾਰ’ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਹ ਪਹਿਲ ਨਾਗਰਿਕਾਂ ਨੂੰ ਸਿੱਧੇ ਮੰਤਰੀ ਅੱਗੇ ਆਪਣੇ ਮੁੱਦੇ ਰੱਖਣ ਦਾ ਮੌਕਾ ਦਿੰਦੀ ਹੈ, ਜਿਨ੍ਹਾਂ ਨੂੰ ਉਹ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਹੱਲ ਕਰਾਉਂਦੇ ਹਨ।
ਇਹ ਪ੍ਰੋਗਰਾਮ ਜੋ ਹਰ ਹਫ਼ਤੇ ਬਾਅਦ ਆਯੋਜਿਤ ਹੁੰਦਾ ਹੈ, ਜਿਸ ਵਿੱਚ ਸਿਰਫ਼ ਵਿਅਕਤੀ ਹੀ ਨਹੀਂ ਸਗੋਂ ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਨੌਜਵਾਨ ਅਤੇ ਪੰਚਾਇਤ ਨੁਮਾਇੰਦਿਆਂ ਨੇ ਵੀ ਭਾਗ ਲਿਆ। ਮੰਤਰੀ ਬੈਂਸ ਨੇ ਪਾਰਦਰਸ਼ੀ ਪ੍ਰਸ਼ਾਸਨ ਲਈ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾਂ ਕਿ ਸਿੱਧੀ ਮੁਲਾਕਾਤ ਨਾਲ ਸਰਕਾਰ ਅਤੇ ਲੋਕਾਂ ਵਿਚਕਾਰ ਭਰੋਸਾ ਮਜ਼ਬੂਤ ਹੁੰਦਾ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁੱਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕੀਤੀ।

ਬੈਂਸ ਨੇ ਦੱਸਿਆ ਕਿ ਦੋਵੇਂ ਮੰਤਰੀ ਸਹਿਬਾਨ, ਅਧਿਕਾਰੀਆਂ ਸਮੇਤ, ਵੱਖ-ਵੱਖ ਪਿੰਡਾਂ ਤੱਕ ਪਹੁੰਚੇ, ਕਈ ਵਾਰ ਟਰੈਕਟਰ ਟ੍ਰਾਲੀਆਂ ‘ਤੇ ਸਫ਼ਰ ਕਰਦੇ ਹੋਏ ਤਾਂ ਜੋ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਪਿੰਡ ਵਾਸੀਆਂ ਨੂੰ ਮਿਲ ਸਕਣ। ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਲੋਕਾਂ ਦੇ ਹੋਏ ਨੁਕਸਾਨਾਂ ਦੀ ਪੂਰੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਖਾਣ-ਪੀਣ ਦੀ ਸਮੱਗਰੀ, ਫਰਨੀਚਰ, ਡਾਕਟਰੀ ਸਹਾਇਤਾ ਅਤੇ ਪਸ਼ੂਆਂ ਦੀ ਟੀਕਾਕਰਣ ਸਮੇਤ ਤੁਰੰਤ ਰਾਹਤ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵਿਆਪਕ ਫੋਗਿੰਗ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਨਾਲ ਹੀ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਪੁਲਾਂ, ਕਰੇਟ ਵਾਲ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਨਵੀਨੀਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਬੈਂਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨੰਗਲ ਅਤੇ ਗੰਭੀਰਪੁਰ ਰਿਹਾਇਸ ਹਮੇਸ਼ਾਂ 24 ਘੰਟੇ ਲੋਕਾਂ ਦੀ ਸੇਵਾ ਲਈ ਖੁੱਲ੍ਹੇ ਰਹਿੰਦੇ ਹਨ, ਤਾਂ ਜੋ ਕੋਈ ਵੀ ਵਿਅਕਤੀ ਆਪਣੀਆਂ ਬੁਨਿਆਦੀ ਲੋੜਾਂ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸਥਾਨਕ ਨੌਜਵਾਨਾਂ ਅਤੇ ਪੰਚਾਇਤ ਨੁਮਾਇੰਦਿਆਂ ਦੀ ਭੂਮਿਕਾ ਉਜਾਗਰ ਕੀਤੀ, ਜੋ ਸਰਕਾਰ ਦੀ ਚੱਲ ਰਹੀ ਪਹਿਲ ‘ਓਪਰੇਸ਼ਨ ਰਾਹਤ’ ਵਿੱਚ ਸਰਗਰਮ ਹਿੱਸਾ ਲੈ ਰਹੇ ਹਨ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ, “ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਹਰ ਇੱਕ ਕੋਨਾ ਰਾਹਤ ਉਪਰਾਲਿਆਂ ਹੇਠ ਲਿਆਂਦਾ ਜਾ ਰਿਹਾ ਹੈ।
ਇਸ ਮੌਕੇ ਡਾ.ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ, ਚੇਅਰਮੈਨ ਕਮਿੱਕਰ ਸਿੰਘ ਡਾਢੀ ਹਲਕਾ ਸੰਗਠਨ ਇੰਚਾਰਜ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਨੰਗਲ, ਸੁਮਿਤ ਅਗਨੀਸੰਦਲ ਮੈਂਬਰ ਬ੍ਰਾਹਮਣ ਭਲਾਈ ਬੋਰਡ, ਦਲੀਪ ਹੰਸ ਮੈਂਬਰ ਦਲਿਤ ਭਲਾਈ ਬੋਰਡ, ਜਸਪਾਲ ਸਿੰਘ ਢਾਹੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜ ਕੁਮਾਰ ਖੋਸਲਾ ਜ਼ਿਲ੍ਹਾ ਮੀਡੀਆ ਇੰਚਾਰਜ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਨਿਸ਼ਾਤ ਗੁਪਤਾ ਐਡਵੋਕੇਟ, ਰਕੇਸ਼ ਸੈਣੀ ਭਲਾਣ, ਸੁਖਵਿੰਦਰ ਸੇਖੋ,ਗੁਰਵਿੰਦਰ ਕੌਰ ਸੇਖੋ ਕੋਆਰਡੀਨੇਟਰ ਮਹਿਲਾ ਵਿੰਗ, ਦਿਲਜੀਤ ਕਮਲ, ਨਿਤਿਨ ਸ਼ਰਮਾ,ਅੰਕੁਸ਼ ਪਾਠਕ,ਕੁਲਵਿੰਦਰ ਸਿੰਘ ਬਿੰਦਰਾ,ਮੁਕੇਸ਼ ਵਰਮਾ,ਸਰਪੰਚ ਭਗਵੰਤ ਸਿੰਘ ਅਟਵਾਲ , ਸਰਪੰਚ ਪੰਮੂ ਢਿੱਲੋਂ, ਸਰਪੰਚ ਸ਼ਿਵ ਕੁਮਾਰ ਦੜੋਲੀ ਹਾਜ਼ਰ ਸਨ।
