ਨਵੀਂ ਦਿੱਲੀ, 18 ਸਤੰਬਰ 2025 – ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪੰਜਾਬ ਵਿਚ ਹੜ੍ਹਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵਲੋਂ ਐਲਾਨੀ ਗਈ 1,600 ਕਰੋੜ ਰੁਪਏ ਦੀ ਸ਼ੁਰੂਆਤੀ ਰਾਹਤ ਪੰਜਾਬ ਦੇ ਲੋਕਾਂ ਨਾਲ ਘੋਰ ਬੇਇਨਸਾਫ਼ੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਅੰਦਾਜ਼ੇ ਅਨੁਸਾਰ ਸੂਬੇ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੈਂ ਸਰਕਾਰ ਨੂੰ ਨੁਕਸਾਨ ਦਾ ਜਲਦੀ ਮੁਲਾਂਕਣ ਕਰਨ ਅਤੇ ਇਕ ਵਿਆਪਕ ਰਾਹਤ ਪੈਕੇਜ ਪ੍ਰਦਾਨ ਕਰਨ ਦੀ ਬੇਨਤੀ ਕਰਦਾ ਹਾਂ।
ਉਨ੍ਹਾਂ ਕਿਹਾ ਕਿ 400,000 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਤਬਾਹ ਹੋ ਗਈ, 10 ਲੱਖ ਤੋਂ ਵੱਧ ਜਾਨਵਰ ਮਾਰੇ ਗਏ, ਅਤੇ ਲੱਖਾਂ ਪਰਿਵਾਰਾਂ ਦੇ ਘਰ ਤਬਾਹ ਹੋ ਗਏ। ਉਨ੍ਹਾਂ ਨੇ ਤੁਰੰਤ ਅਤੇ ਪਾਰਦਰਸ਼ੀ ਨੁਕਸਾਨ ਦਾ ਮੁਲਾਂਕਣ ਅਤੇ ਇੱਕ ਵਿਆਪਕ ਰਾਹਤ ਪੈਕੇਜ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਪਿੰਡਾਂ ਦੇ ਪਿੰਡ ਇਕ ਦੂਜੇ ਨਾਲੋਂ ਕੱਟੇ ਗਏ ਹਨ ਅਤੇ ਖੇਤੀਬਾੜੀ ਜ਼ਮੀਨ ਖੇਤੀਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਕੇਂਦਰ ਸਰਕਾਰ ਤੋਂ ਬਹੁਤ ਦਲੇਰਾਨਾ ਪ੍ਰਤੀਕਿਰਿਆ ਦੀ ਲੋੜ ਹੈ। ਗਾਂਧੀ ਨੇ ਲਿਖਿਆ, ‘‘ਹੜ੍ਹ ਨੇ ਨੇੜ ਭਵਿੱਖ ਵਿੱਚ ਜ਼ਮੀਨ ਦੇ ਵੱਡੇ ਹਿੱਸੇ ਨੂੰ ਖੇਤੀਯੋਗ ਨਹੀਂ ਰਹਿਣ ਦਿੱਤਾ ਹੈ। ਅਜੇ ਵੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ ਤੇ ਪਿੰਡਾਂ ਦੇ ਇਕ ਦੂਜੇ ਨਾਲੋਂ ਸੰਪਰਕ ਕੱਟੇ ਹੋਏ ਹਨ।’’
ਉਨ੍ਹਾਂ ਲਿਖਿਆ, “ਇਸ ਗੰਭੀਰ ਸੰਕਟ ਦੇ ਬਾਵਜੂਦ, ਮੈਂ ਮਨੁੱਖਤਾ ਦੀ ਸਭ ਤੋਂ ਵੱਡੀ ਉਦਾਹਰਣ ਦੇਖੀ। ਭਾਈਚਾਰਾ ਉਨ੍ਹਾਂ ਲੋਕਾਂ ਦੇ ਲਈ ਇਕੱਠਾ ਹੋਇਆ, ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਸੀ। ਲੋਕਾਂ ਨੇ ਆਪਣੇ ਘਰ ਅਜਨਬੀਆਂ ਲਈ ਖੋਲ੍ਹ ਦਿੱਤੇ ਤੇ ਜੋ ਕੁਝ ਵੀ ਉਨ੍ਹਾਂ ਕੋਲ ਸੀ, ਉਹ ਸਾਂਝਾ ਕੀਤਾ। ਉਨ੍ਹਾਂ ਦੀ ਉਦਾਰਤਾ ਤੇ ਮਦਦ ਪ੍ਰਤੀ ਵਚਨਬੱਧਤਾ ਸ਼ਲਾਘਾਯੋਗ ਸੀ।”
