ਚੰਡੀਗੜ੍ਹ, 19 ਸਤੰਬਰ 2025 – ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ, ਕਪੂਰਥਲਾ ਪੁਲਿਸ ਨੇ ਫਗਵਾੜਾ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਮੁੱਖ ਤੌਰ ‘ਤੇ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਸਾਫਟਵੇਅਰ ਸਹੂਲਤਾਂ ਪ੍ਰਦਾਨ ਕਰਨ ਦੀ ਆੜ ਵਿੱਚ ਨਿਸ਼ਾਨਾ ਬਣਾਉਂਦਾ ਸੀ। ਮੌਕੇ ‘ਤੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 40 ਲੈਪਟਾਪ, 67 ਮੋਬਾਈਲ ਫੋਨ ਅਤੇ 10,00,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕੇਟ ਇੱਕ ਸਥਾਨਕ ਵਸਨੀਕ, ਅਮਰਿੰਦਰ ਸਿੰਘ ਉਰਫ਼ ਸਾਭੀ ਟੌਹਰੀ ਦੁਆਰਾ ਚਲਾਇਆ ਜਾ ਰਿਹਾ ਸੀ, ਜਿਸਨੇ ਇਮਾਰਤ ਨੂੰ ਕਿਰਾਏ ‘ਤੇ ਲਿਆ ਹੋਇਆ ਸੀ। ਉਹ ਦਿੱਲੀ ਦੇ ਸੂਰਜ ਨਾਲ ਜੁੜਿਆ ਹੋਇਆ ਹੈ, ਜੋ ਅੱਗੇ ਕੋਲਕਾਤਾ ਦੇ ਸ਼ੇਨ ਨਾਮਕ ਇੱਕ ਸ਼ੱਕੀ ਵਿਅਕਤੀ ਨਾਲ ਜੁੜਿਆ ਹੋਇਆ ਹੈ। ਲੈਣ-ਦੇਣ ਮੁੱਖ ਤੌਰ ‘ਤੇ ਬਿਟਕੋਇਨ ਰਾਹੀਂ ਕੀਤੇ ਜਾਂਦੇ ਸਨ ਅਤੇ ਹਵਾਲਾ ਚੈਨਲਾਂ ਦੀ ਸ਼ਮੂਲੀਅਤ ਵੀ ਪਾਈ ਗਈ ਹੈ।
ਥਾਣਾ ਸਾਈਬਰਕ੍ਰਾਈਮ, ਕਪੂਰਥਲਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸਾਈਬਰ ਧੋਖਾਧੜੀ ਰੈਕੇਟ ਨੂੰ ਖਤਮ ਕਰਕੇ ਇੱਕ ਸੁਰੱਖਿਅਤ ਪੰਜਾਬ ਬਣਾਉਣ ਲਈ ਵਚਨਵੱਧ ਹੈ।

