- ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਹੋਏ ਜ਼ਖਮੀ, ਹਸਪਤਾਲ ਵਿੱਚ ਹੋਈ ਮੌਤ
ਨਵੀਂ ਦਿੱਲੀ, 20 ਸਤੰਬਰ 2025 – “ਯਾ ਅਲੀ” ਫੇਮ ਸਿੰਗਰ ਜ਼ੁਬੀਨ ਗਰਗ ਦਾ 52 ਸਾਲ ਦੀ ਉਮਰ ਵਿੱਚ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ। ਸਕੂਬਾ ਡਾਈਵਿੰਗ ਕਰਦੇ ਸਮੇਂ ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ। ਗਾਰਡਾਂ ਨੇ ਉਸਨੂੰ ਸਮੁੰਦਰ ‘ਚੋਂ ਕੱਢ ਕੇ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ। ਜ਼ੁਬੀਨ ਗਰਗ ਨੇ 2006 ਵਿੱਚ ਇਮਰਾਨ ਹਾਸ਼ਮੀ ਸਟਾਰਰ ਫਿਲਮ “ਗੈਂਗਸਟਰ” ਦੇ ਗੀਤ “ਯਾ ਅਲੀ” ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।
ਉਹ ਦੋ ਦਿਨ ਪਹਿਲਾਂ ਹੀ ਨੌਰਥ ਈਸਟ ਇੰਡੀਆ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਸਿੰਗਾਪੁਰ ਗਿਆ ਸੀ। ਤਿੰਨ ਦਿਨਾਂ ਫੈਸਟੀਵਲ ਸ਼ੁੱਕਰਵਾਰ, 19 ਸਤੰਬਰ ਨੂੰ ਸ਼ੁਰੂ ਹੋਣਾ ਸੀ, ਅਤੇ ਜ਼ੁਬੀਨ ਨੇ 20 ਸਤੰਬਰ ਨੂੰ ਪ੍ਰਦਰਸ਼ਨ ਕਰਨਾ ਸੀ। ਨੌਰਥ ਈਸਟ ਇੰਡੀਆ ਫੈਸਟੀਵਲ ਦੇ ਪ੍ਰਤੀਨਿਧੀ ਅਨੁਜ ਕੁਮਾਰ ਬੋਰੂਆ ਨੇ ਕਿਹਾ, “ਬਹੁਤ ਦੁੱਖ ਨਾਲ ਅਸੀਂ ਜ਼ੁਬੀਨ ਗਰਗ ਦੇ ਦੇਹਾਂਤ ਦਾ ਐਲਾਨ ਕਰਦੇ ਹਾਂ।”
ਸਕੂਬਾ ਡਾਈਵਿੰਗ ਦੌਰਾਨ, ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਅਤੇ ਉਸਨੂੰ ਤੁਰੰਤ ਸੀਪੀਆਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸਨੂੰ ਸਿੰਗਾਪੁਰ ਜਨਰਲ ਹਸਪਤਾਲ ਲਿਜਾਇਆ ਗਿਆ। ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸਨੂੰ ਦੁਪਹਿਰ 2:30 ਵਜੇ ਆਈਸੀਯੂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।

ਜ਼ੁਬੀਨ ਦਾ ਜਨਮ 18 ਨਵੰਬਰ, 1972 ਨੂੰ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਅਸਾਮੀ ਅਤੇ ਹਿੰਦੀ ਫਿਲਮ ਉਦਯੋਗਾਂ ਵਿੱਚ ਇੱਕ ਗਾਇਕ, ਸੰਗੀਤਕਾਰ, ਗੀਤਕਾਰ, ਅਦਾਕਾਰ ਅਤੇ ਨਿਰਦੇਸ਼ਕ ਸੀ। ਉਸਨੇ ਅਸਾਮੀ, ਹਿੰਦੀ, ਬੰਗਾਲੀ ਅਤੇ ਅੰਗਰੇਜ਼ੀ ਵਿੱਚ ਗਾਇਆ।
ਇਸ ਤੋਂ ਇਲਾਵਾ, ਗਾਇਕ ਨੇ 40 ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿੱਚ 38,000 ਤੋਂ ਵੱਧ ਗੀਤ ਗਾਏ, ਜਿਨ੍ਹਾਂ ਵਿੱਚ ਬਿਸ਼ਨੂੰਪ੍ਰਿਆ ਮਨੀਪੁਰੀ, ਆਦਿ, ਬੋਰੋ, ਅੰਗਰੇਜ਼ੀ, ਗੋਲਪਾਰੀਆ, ਕੰਨੜ, ਕਾਰਬੀ, ਖਾਸੀ, ਮਲਿਆਲਮ, ਮਰਾਠੀ, ਮਿਸਿੰਗ, ਨੇਪਾਲੀ, ਉੜੀਆ, ਸੰਸਕ੍ਰਿਤ, ਸਿੰਧੀ, ਤਾਮਿਲ, ਤੇਲਗੂ ਅਤੇ ਤਿਵਾ ਸ਼ਾਮਲ ਹਨ। ਜ਼ੁਬੀਨ ਅਸਾਮ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੇ ਗਾਇਕ ਸੀ।
