ਲੁਧਿਆਣਾ, 20 ਸਤੰਬਰ 2025 – ਪੀ.ਏ.ਯੂ. ਥਾਣੇ ਦੀ ਪੁਲਸ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਦੇ ਭਰਾ ਸਮੇਤ ਸੱਤ ਲੋਕਾਂ ਵਿਰੁੱਧ ਇਕ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਬਲਵੰਤ ਸਿੰਘ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ 7 ਅਗਸਤ, 2025 ਨੂੰ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿੰਡ ਪ੍ਰਤਾਪ ਸਿੰਘ ਵਾਲਾ ਵਿਚ ਇਕ ਪਲਾਟ ਹੈ। ਗੁਰਮੁਖ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਨਦੀਪ ਨਗਰ, ਹੈਬੋਵਾਲ ਖੁਰਦ ਤੇ ਰਾਜਕੁਮਾਰ ਭੰਡਾਰੀ ਪੁੱਤਰ ਸਤਪਾਲ ਭੰਡਾਰੀ ਵਾਸੀ ਬੀ.ਆਰ.ਐੱਸ. ਨਗਰ ਨੇ ਇਕ ਦੁਕਾਨ ਦਾ ਸ਼ਟਰ ਤੋੜਿਆ ਸੀ ਤੇ ਘੇਰਾਬੰਦੀ ਕਰਨ ਦੇ ਇਰਾਦੇ ਨਾਲ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਾਇਆ ਸੀ।
ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੀ.ਏ.ਯੂ. ਪੁਲਸ ਸਟੇਸ਼ਨ ਨੇ ਜਰਨੈਲ ਸਿੰਘ ਦੇ ਪੁੱਤਰ ਗੁਰਮੁਖ ਸਿੰਘ, ਸਤਪਾਲ ਭੰਡਾਰੀ ਦੇ ਪੁੱਤਰ ਰਾਜਕੁਮਾਰ ਭੰਡਾਰੀ ਤੇ ਕੈਪਟਨ ਪੀ.ਐੱਸ. ਦੀ ਪਤਨੀ ਉਪੇਂਦਰ ਕੌਰ, ਮੁੰਬਈ ਦੇ ਬਾਂਦਰਾ ਦੇ ਵਸਨੀਕ ਪਰਮਾਰ, ਜੋ ਇਸ ਸਮੇਂ ਸਰਾਭਾ ਨਗਰ ਵਿਚ ਰਹਿ ਰਿਹਾ ਹੈ ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਮਾਮਲੇ ਵਿਚ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

