ਸੰਗਰੂਰ, 23 ਸਤੰਬਰ 2025 – ਭਵਾਨੀਗੜ੍ਹ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਥੇ ਤਹਿਸੀਲ ਕੰਪਲੈਕਸ ‘ਚ ਸਥਿਤ ਖਜ਼ਾਨਾ ਦਫਤਰ ਵਿਖੇ ਤੈਨਾਤ ਇਕ ਏ.ਐੱਸ.ਆਈ. ਦੀ ਆਪਣੇ ਸਰਵਿਸ ਅਸਲੇ ‘ਚੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਪੁਲਸ ਮੁਲਾਜ਼ਮ ਦੀ ਪਛਾਣ ਪੁਸ਼ਪਿੰਦਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ। ਹਾਲਾਂਕਿ ਘਟਨਾ ਕਿਵੇਂ ਵਾਪਰੀ ਪੁਲਸ ਵੱਲੋਂ ਇਨ੍ਹਾਂ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਏਐੱਸਆਈ ਪੁਸ਼ਪਿੰਦਰ ਸਿੰਘ (48) ਪਿਛਲੇ ਸਮੇਂ ਤੋਂ ਭਵਾਨੀਗੜ੍ਹ ਖਜ਼ਾਨਾ ਦਫ਼ਤਰ ਵਿਖੇ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਨਿਭਾਅ ਰਿਹਾ ਸੀ ਜਿਸਦੀ ਰਿਹਾਇਸ਼ ਤਹਿਸੀਲ ਕੰਪਲੈਕਸ ਤੋਂ ਮਹਿਜ਼ ਕੁਝ ਹੀ ਦੂਰੀ ‘ਤੇ ਸਥਿਤ ਸੀ। ਮ੍ਰਿਤਕ ਆਪਣੇ ਪਰਿਵਾਰ ਵਿਚ ਪਿੱਛੇ ਵਿਧਵਾ ਪਤਨੀ ਸਮੇਤ ਇਕ ਬੇਟਾ ਅਤੇ ਬੇਟੀ ਛੱਡ ਗਿਆ ਹੈ। ਘਟਨਾ ਮਗਰੋਂ ਪਰਿਵਾਰ ਅਤੇ ਇਲਾਕੇ ਵਿਚ ਸੋਗ ਫੈਲ ਗਿਆ।
ਇਸ ਸਬੰਧੀ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

