ਲੱਦਾਖ, 24 ਸਤੰਬਰ 2025 – ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਲੇਹ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋਈ। ਉਨ੍ਹਾਂ ਨੇ ਭਾਜਪਾ ਦਫ਼ਤਰ ਨੂੰ ਅੱਗ ਲਗਾ ਦਿੱਤੀ, ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਅਤੇ ਸੀਆਰਪੀਐਫ ਦੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ।
ਇਹ ਵਿਦਿਆਰਥੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਜੋ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ ਪੂਰੀਆਂ ਨਾ ਹੋਈਆਂ ਮੰਗਾਂ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਦਿੱਤਾ। ਲੋਕਾਂ ਨੇ ਵਾਂਗਚੁਕ ਦੇ ਸਮਰਥਨ ਵਿੱਚ ਇੱਕ ਰੈਲੀ ਵੀ ਕੀਤੀ।
ਇਨ੍ਹਾਂ ਮੰਗਾਂ ਬਾਰੇ ਅਗਲੀ ਮੀਟਿੰਗ 6 ਅਕਤੂਬਰ ਨੂੰ ਦਿੱਲੀ ਵਿੱਚ ਹੋਵੇਗੀ। 2019 ਵਿੱਚ ਧਾਰਾ 370 ਅਤੇ 35A ਨੂੰ ਰੱਦ ਕਰਨ ‘ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਜੋਂ ਬਣਾਇਆ ਗਿਆ ਸੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰਾਜ ਵਿੱਚ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ।

ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਲੇਹ ਵਿੱਚ ਭਾਜਪਾ ਦਫਤਰ ਦੇ ਬਾਹਰ ਇੱਕ ਸੁਰੱਖਿਆ ਵਾਹਨ ਨੂੰ ਅੱਗ ਲਗਾ ਦਿੱਤੀ, ਉਨ੍ਹਾਂ ਕਿਹਾ ਕਿ ਵਿਵਸਥਾ ਬਹਾਲ ਕਰਨ ਲਈ ਵਾਧੂ ਬਲ ਤਾਇਨਾਤ ਕੀਤੇ ਗਏ ਹਨ।
