ਚੰਡੀਗੜ੍ਹ, 27 ਸਤੰਬਰ 2025 – ਗੁਰੂਗ੍ਰਾਮ ਵਿੱਚ ਐਤਵਾਰ ਸਵੇਰੇ ਤੇਜ਼ ਰਫ਼ਤਾਰ ਥਾਰ ਗੱਡੀ ਨੇ ਕਹਿਰ ਬਰਸਾ ਦਿੱਤਾ, ਜਿਸ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਥੇ ਇਕ ਤੇਜ਼ ਰਫ਼ਤਾਰ ਥਾਰ ਗੱਡੀ ਬੇਕਾਬੂ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ 48 ਦੇ ਐਗਜ਼ਿਟ 9 ‘ਤੇ ਅਚਾਨਕ ਇੱਕ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ 5 ਨੌਜਵਾਨ ਮੁੰਡੇ-ਕੁੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਇਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।
ਮੁੱਢਲੀ ਜਾਂਚ ਮੁਤਾਬਕ ਥਾਰ ਗੱਡੀ ਵਿਚ ਸਵਾਰ ਨੌਜਵਾਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਥਾਰ (ਕਾਰ) ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਹਾਦਸੇ ਵਿਚ ਥਾਰ ਦੇ ਪਰਖੱਚੇ ਉੱਡ ਗਏ। ਪੁਲਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਇਸ ਦੀ ਸੂਚਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ।
ਘਟਨਾ ਵਾਸੀ ਥਾਂ ‘ਤੇ ਮੌਜੂਦ ਲੋਕਾਂ ਦੇ ਮੁਤਾਬਕ ਇਹ ਭਿਆਨਕ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਥਾਰ ਦਿੱਲੀ ਤੋਂ ਰੋਹਤਕ ਵੱਲ ਜਾ ਰਹੀ ਸੀ। ਥਾਰ ਚਲਾਉਣ ਵਾਲੇ ਨੇ ਅਚਾਨਕ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਥਾਰ ਇੱਕ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਗੱਡੀ ਪੂਰੀ ਤਰੀਕੇ ਨਾਲ ਨੁਕਸਾਨੀ ਗਈ। ਇਸ ਹਾਦਸੇ ਕਾਰਨ ਹਾਈਵੇਅ ‘ਤੇ ਟ੍ਰੈਫਿਕ ਜਾਮ ਹੋ ਗਿਆ।

