ਨਵਾਂਸ਼ਹਿਰ 27 ਸਤੰਬਰ 2025 – ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਭੌਰਾ ਵਿਖੇ ਸਥਿਤ ਘਰ ਨੂੰ ਆਮ ਆਦਮੀ ਕਲੀਨਿਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ ਹੈ ਜਿਸ ਦੀ ਲਿਖਤੀ ਸਹਿਮਤੀ ‘ਤੇ ਅੱਜ ਇੱਥੇ ਸਿਹਤ ਮੰਤਰੀ ਅਤੇ ਸੁੱਜੋ ਦੇ ਐਸ.ਐਮ.ਓ ਵਿਚਾਲੇ ਸਹੀ ਪਾਈ ਗਈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਘਰ ਮੁਫ਼ਤ ਪੰਜਾਬ ਸਰਕਾਰ ਨੂੰ ਦਿੱਤਾ ਹੈ ਜਿੱਥੇ ਜਲਦ ਹੀ ਆਮ ਆਦਮੀ ਕਲੀਨਿਕ ਸਥਾਪਤ ਹੋਣ ਨਾਲ ਲਾਗਲੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਖੇ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਤਾਇਨਾਤੀ ਨਾਲ ਮੁਫ਼ਤ ਦਵਾਈਆਂ ਦੀ ਵਿਵਸਥਾ ਤੋਂ ਇਲਾਵਾ ਲੋਕਾਂ ਦੇ ਰੂਟੀਨ ਦੇ ਮੈਡੀਕਲ ਟੈਸਟ ਲਈ ਵੀ ਸੈਂਪਲ ਲਏ ਜਾਣਗੇ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਵੱਡਾ ਲਾਭ ਹੋਵੇਗਾ।
ਆਮ ਆਦਮੀ ਕਲੀਨਿਕਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਜਿੱਥੇ ਹੁਣ ਤੱਕ ਓ.ਪੀ.ਡੀ. ਦੀ ਗਿਣਤੀ 4.04 ਕਰੋੜ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਲੀਨਿਕ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ 19 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਜਲਦ ਹੀ ਪਿੰਡ ਭੌਰਾ ਅਤੇ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਸ਼ਹਿਰ ਖੇਤਰ ‘ਚ 3 ਹੋਰ ਕਲੀਨਿਕ ਖੋਲ੍ਹਣ ਨਾਲ ਇਹ ਗਿਣਤੀ 23 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰੀ ਵਚਨਬੱਧਤਾ ਨਾਲ ਪੂਰਾ ਕਰ ਰਹੀ ਹੈ।

ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਬਾਰੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਦਿੱਤੇ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਸਿਹਤ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਦੀ ਬੁਰੀ ਤਰ੍ਹਾਂ ਚਪੇਟ ‘ਚ ਆਏ 2303 ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਿਸ਼ੇਸ਼ ਤੌਰ ‘ਤੇ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ–ਨਾਲ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਆਦਿ ਦੀ ਰੋਕਥਾਮ ਵਿੱਚ ਲਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 11103 ਆਸ਼ਾ ਵਰਕਰਾਂ ਵੱਲੋਂ ਡੋਰ ਟੂ ਡੋਰ ਸਰਵੇ ਕਰਕੇ ਪਿੰਡਾਂ ਵਿੱਚ ਮੌਜੂਦਾ ਸਥਿਤੀ ਬਾਰੇ ਵਿਭਾਗ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਸਿਹਤ ਕਿੱਟਾਂ ਦੀ ਵੀ ਵੰਡ ਕੀਤੀ ਜਾ ਰਹੀ ਹੈ।
