- ਕਈ ਘਰ ਅਤੇ ਚਰਚ ਤਬਾਹ
- ਜਾਂ ਬਚਾਉਣ ਲਈ ਲੋਕ ਘਰਾਂ ‘ਚੋਂ ਨਿੱਕਲੇ ਬਾਹਰ
ਨਵੀਂ ਦਿੱਲੀ, 1 ਅਕਤੂਬਰ 2025 – ਮੰਗਲਵਾਰ ਨੂੰ ਫਿਲੀਪੀਨਜ਼ ਦੇ ਬੋਹੋਲ ਸੂਬੇ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਪਹਿਲਾਂ ਇਸਦੀ ਤੀਬਰਤਾ 7.0 ਦੱਸੀ ਸੀ, ਪਰ ਬਾਅਦ ਵਿੱਚ ਇਸਨੂੰ ਘਟਾ ਕੇ 6.9 ਕਰ ਦਿੱਤਾ। ਇਸ ਭੂਚਾਲ ਕਾਰਨ ਕਈ ਘਰ ਢਹਿ ਗਏ, ਜਿਸ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਿਨਾਂ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਸਭ ਤੋਂ ਵੱਧ 25 ਮੌਤਾਂ ਬੋਗੋ ਸ਼ਹਿਰ ਵਿੱਚ ਹੋਈਆਂ। ਏਪੀ ਦੀ ਰਿਪੋਰਟ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹੁਣ ਤੱਕ ਕਈ ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਜਾ ਚੁੱਕਾ ਹੈ। 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੂਚਾਲ ਦਾ ਕੇਂਦਰ ਬੋਹੋਲ ਸੂਬੇ ਦੇ ਇੱਕ ਕਸਬੇ ਕੈਲਾਪੇ ਤੋਂ ਲਗਭਗ 11 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ। ਕੈਲਾਪੇ ਵਿੱਚ ਲਗਭਗ 33,000 ਲੋਕ ਰਹਿੰਦੇ ਹਨ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਸਰਕਾਰ ਅਤੇ ਰਾਹਤ ਟੀਮਾਂ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਇਸ ਭੂਚਾਲ ਤੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਰਕਾਰ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ।

ਹਾਲਾਂਕਿ, ਭੂਚਾਲ ਤੋਂ ਬਾਅਦ ਦੇ ਝਟਕਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁਰੂਆਤੀ ਵੱਡੇ ਭੂਚਾਲ ਤੋਂ ਬਾਅਦ ਜ਼ਮੀਨ ਹਿੱਲਦੀ ਰਹਿਣ ‘ਤੇ ਝਟਕੇ ਆਉਂਦੇ ਹਨ। ਭੂਚਾਲ ਦੇ ਝਟਕੇ ਦਿਨਾਂ, ਹਫ਼ਤਿਆਂ, ਜਾਂ ਸਾਲਾਂ ਬਾਅਦ ਵੀ ਆ ਸਕਦੇ ਹਨ, ਅਤੇ ਉਨ੍ਹਾਂ ਦੀ ਤੀਬਰਤਾ ਪਹਿਲੇ ਵਾਲੇ ਦੇ ਸਮਾਨ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।
ਫਿਲੀਪੀਨਜ਼ ‘ਫਾਇਰ ਆਫ ਰਿੰਗ’ ਦੇ ਨੇੜੇ ਸਥਿਤ ਹੈ, ਜਿਸ ਕਾਰਨ ਇੱਥੇ ਭੂਚਾਲ ਆਮ ਆਉਂਦੇ ਹਨ। ‘ਫਾਇਰ ਆਫ ਰਿੰਗ’ ਇੱਕ ਅਜਿਹਾ ਖੇਤਰ ਹੈ ਜਿੱਥੇ ਕਈ ਮਹਾਂਦੀਪੀ ਅਤੇ ਸਮੁੰਦਰੀ ਟੈਕਟੋਨਿਕ ਪਲੇਟਾਂ ਇਕੱਠੀਆਂ ਹੁੰਦੀਆਂ ਹਨ। ਜਦੋਂ ਇਹ ਪਲੇਟਾਂ ਟਕਰਾਉਂਦੀਆਂ ਹਨ, ਤਾਂ ਭੂਚਾਲ ਆਉਂਦੇ ਹਨ, ਸੁਨਾਮੀ ਆਉਂਦੀ ਹੈ ਅਤੇ ਜਵਾਲਾਮੁਖੀ ਫਟਦੇ ਹਨ। ਦੁਨੀਆ ਦੇ 90% ਭੂਚਾਲ ਇਸ ਅੱਗ ਦੇ ਰਿੰਗ ਖੇਤਰ ਦੇ ਅੰਦਰ ਆਉਂਦੇ ਹਨ।
ਇਹ ਖੇਤਰ 40,000 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਦੁਨੀਆ ਦੇ 75% ਸਰਗਰਮ ਜੁਆਲਾਮੁਖੀ ਇਸ ਖੇਤਰ ਦੇ ਅੰਦਰ ਸਥਿਤ ਹਨ। ਜਾਪਾਨ, ਰੂਸ, ਫਿਲੀਪੀਨਜ਼, ਇੰਡੋਨੇਸ਼ੀਆ, ਨਿਊਜ਼ੀਲੈਂਡ, ਅੰਟਾਰਕਟਿਕਾ, ਕੈਨੇਡਾ, ਸੰਯੁਕਤ ਰਾਜ, ਮੈਕਸੀਕੋ, ਗੁਆਟੇਮਾਲਾ, ਕੋਸਟਾ ਰੀਕਾ, ਪੇਰੂ, ਇਕਵਾਡੋਰ, ਚਿਲੀ ਅਤੇ ਬੋਲੀਵੀਆ ‘ਫਾਇਰ ਆਫ ਰਿੰਗ’ ਦੇ ਨੇੜੇ ਸਥਿਤ ਹਨ।
