ਚੰਡੀਗੜ੍ਹ, 16 ਫਰਵਰੀ 2021 – ਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਆਪਣੇ ਹੱਕ ਲੈਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਦਿਵਿਆਂਗ ਵਿਅਕਤੀਆਂ (ਨੇਤਰਹੀਣ, ਅਪੰਗ, ਬੋਲਣ ਤੇ ਸੁਣਨ ਵਿੱਚ ਅਸਮਰੱਥ ਅਤੇ ਮਾਨਸਿਕ ਤੌਰ `ਤੇ ਕਮਜ਼ੋਰ ਵਿਕਅਤੀਆਂ) ਲਈ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਵਾਸਤੇ ਪਛਾਣ ਦਸਤਾਵੇਜ਼ ਵਜੋਂ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਇੱਥੇ ਸ਼ਨੀਵਾਰ ਨੂੰ ਦੱਸਿਆ ਕਿ ਵਿਭਾਗ ਨੇ ਵੱਖ-ਵੱਖ ਸਕੀਮਾਂ ਨਾਲ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਜੋ ਲਾਭਪਾਤਰੀਆਂ ਨੂੰ ਨਿਰਵਿਘਨ ਢੰਗ ਨਾਲ ਆਪਣੇ ਹੱਕ ਮਿਲ ਸਕਣ। ਉਨ੍ਹਾਂ ਕਿਹਾ ਕਿ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਵਿਅਕਤੀ ਨੂੰ ਆਪਣੇ ਆਧਾਰ ਨੰਬਰ ਦਾ ਸਬੂਤ ਦੇਣਾ ਹੋਵੇਗਾ ਜਾਂ ਆਧਾਰ ਪ੍ਰਮਾਣੀਕਰਨ ਕਰਵਾਉਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਅਧੀਨ ਲਾਭ ਲੈਣ ਦਾ ਇਛੁੱਕ ਕੋਈ ਵੀ ਵਿਅਕਤੀ, ਜਿਸ ਕੋਲ ਅਧਾਰ ਕਾਰਡ ਨਹੀਂ ਹੈ ਜਾਂ ਹਾਲੇ ਤੱਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ, ਨੂੰ ਆਧਾਰ ਕਾਰਡ ਬਣਵਾਉਣ ਲਈ ਬਿਨੈ ਕਰਨਾ ਹੋਵੇਗਾ ਅਤੇ ਅਜਿਹੇ ਵਿਅਕਤੀ ਆਪਣਾ ਆਧਾਰ ਕਾਰਡ ਬਣਵਾਉਣ ਲਈ ਆਧਾਰ ਕਾਰਡ ਬਣਾਉਣ ਵਾਲੇ ਕਿਸੇ ਵੀ ਕੇਂਦਰ ਤੱਕ ਪਹੁੰਚ ਕਰ ਸਕਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੇ ਲਾਭਪਾਤਰੀਆਂ ਲਈ ਆਧਾਰ ਕਾਰਡ ਬਣਵਾਉਣ ਦੀਆਂ ਸਹੂਲਤਾਂ ਪ੍ਰਦਾਨ ਕਰੇਗਾ ਜਿਨ੍ਹਾਂ ਨੇ ਅਜੇ ਤੱਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ ਅਤੇ ਜੇਕਰ ਸਬੰਧਤ ਬਲਾਕ ਜਾਂ ਤਹਿਸੀਲ ਵਿੱਚ ਕੋਈ ਅਧਾਰ ਕਾਰਡ ਬਣਾਉਣ ਵਾਲਾ ਕੇਂਦਰ ਨਹੀਂ ਹੈ ਤਾਂ ਵਿਭਾਗ ਅਨੁਕੂਲ ਥਾਵਾਂ `ਤੇ ਆਧਾਰ ਨਾਮਾਂਕਣ ਸਹੂਲਤਾਂ ਦਾ ਪ੍ਰਬੰਧ ਕਰੇਗਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਵਿਅਕਤੀ ਦਾ ਆਧਾਰ ਕਾਰਡ ਨਹੀਂ ਬਣ ਜਾਂਦਾ ਉਦੋਂ ਤੱਕ ਅਜਿਹੇ ਵਿਅਕਤੀ ਆਪਣੀ ਆਧਾਰ ਨਾਮਾਂਕਣ ਪਛਾਣ ਸਲਿੱਪ, ਵੋਟਰ ਸ਼ਨਾਖਤੀ ਕਾਰਡ, ਵੋਟਰ ਸੂਚੀ, ਜਨਮ ਸਰਟੀਫਿਕੇਟ, ਮੈਟ੍ਰਿਕ ਸਰਟੀਫਿਕੇਟ, ਅਪੰਗਤਾ ਸਰਟੀਫਿਕੇਟ ਵਿਖਾ ਕੇ ਸਕੀਮ ਅਧੀਨ ਲਾਭ ਪ੍ਰਾਪਤ ਕਰ ਸਕਦੇ ਹਨ। ਵਿਭਾਗ ਦੇ ਵਿਸ਼ੇਸ਼ ਤੌਰ ਤੇ ਨਾਮਜ਼ਦ ਅਧਿਕਾਰੀਆਂ ਦੁਆਰਾ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮਾਮਲਿਆਂ ਜਿਥੇ ਮਾੜੀ ਬਾਇਓਮੈਟ੍ਰਿਕਸ ਜਾਂ ਕਿਸੇ ਹੋਰ ਕਾਰਨ ਕਰਕੇ ਆਧਾਰ ਪ੍ਰਮਾਣਿਕਤਾ ਫੇਲ੍ਹ ਹੋ ਜਾਂਦੀ ਹੈ ਤਾਂ ਪ੍ਰਮਾਣਿਕਤਾ ਲਈ ਆਇਰਿਸ ਸਕੈਨ ਜਾਂ ਫੇਸ ਪ੍ਰਮਾਣਿਕਤਾ ਵਿਧੀ ਅਪਣਾਈ ਜਾਵੇ ਅਤੇ ਵਿਭਾਗ ਫਿੰਗਰ-ਪ੍ਰਿੰਟ ਪ੍ਰਮਾਣਿਕਤਾ ਦੇ ਨਾਲ ਆਇਰਿਸ ਸਕੈਨਰ ਜਾਂ ਫੇਸ ਪ੍ਰਮਾਣਿਕਤਾ ਵਿਧੀ ਲਈ ਪ੍ਰਬੰਧ ਕਰੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਫਿੰਗਰਪ੍ਰਿੰਟ ਜਾਂ ਆਇਰਿਸ ਸਕੈਨ ਜਾਂ ਫੇਸ ਪ੍ਰਮਾਣਿਕਤਾ ਜ਼ਰੀਏ ਬਾਇਓਮੈਟ੍ਰਿਕ ਤਸਦੀਕ ਫੇਲ੍ਹ ਹੋ ਜਾਂਦੀ ਹੈ ਤਾਂ ਜਿੱਥੇ ਵੀ ਸੰਭਵ ਅਤੇ ਮੰਨਣਯੋਗ ਹੋਵੇ, ਸੀਮਿਤ ਸਮੇਂ ਦੀ ਵੈਧਤਾ ਨਾਲ ਆਧਾਰ ਵਨ ਟਾਈਮ ਪਾਸਵਰਡ ਜਾਂ ਟਾਈਮ-ਅਧਾਰਤ ਵਨ-ਟਾਈਮ ਪਾਸਵਰਡ ਦੁਆਰਾ ਤਸਦੀਕ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਜਿੱਥੇ ਬਾਇਓ-ਮੈਟ੍ਰਿਕ ਜਾਂ ਆਧਾਰ ਵਨ ਟਾਈਮ ਪਾਸਵਰਡ ਜਾਂ ਟਾਈਮ ਅਧਾਰਤ ਵਨ-ਟਾਈਮ ਪਾਸਵਰਡ ਪ੍ਰਕਾਣੀਕਰਨ ਸੰਭਵ ਨਹੀਂ ਹੈ ਤਾਂ ਯੋਜਨਾ ਅਧੀਨ ਲਾਭ ਫਿਜ਼ੀਕਲ ਆਧਾਰ ਕਾਰਡ ਦੇ ਆਧਾਰ `ਤੇ ਦਿੱਤੇ ਜਾ ਸਕਦੇ ਹਨ।