ਅੰਮ੍ਰਿਤਸਰ, 4 ਅਕਤੂਬਰ 2025 – ਅੰਮ੍ਰਿਤਸਰ ‘ਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਦੌਰਾਨ 3 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਟਰਾਲੇ ਨੇ 3 ਲੋਕਾਂ ਨੂੰ ਕੁਚਲ ਦਿੱਤਾ। ਇਹ ਦਰਦਨਾਕ ਹਾਦਸਾ ਅਜਨਾਲਾ ਰੋਡ ਬਾਈਪਾਸ ‘ਤੇ ਹੋਇਆ। ਹਾਦਸੇ ਵਿੱਚ ਤਿੰਨਾਂ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ‘ ਚ ਇੱਕ ਮਾਂ, ਉਸਦਾ ਬੇਟਾ ਅਤੇ ਬੇਟੇ ਦਾ ਇੱਕ ਦੋਸਤ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ 18 ਟਾਇਰਾਂ ਵਾਲਾ ਟਰਾਲਾ ਸੀ ਅਤੇ ਇਸ ‘ਤੇ ਲੋਹੇ ਦੇ ਗਾਰਡਰ ਲੱਦੇ ਹੋਏ ਸਨ। ਇਹ ਟਰਾਵਾ ਮਾਹਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਬਾਈਕ ਸਵਾਰ ਇਸ ਟਰਾਲੇ ਦੇ ਪਿੱਛੇ-ਪਿੱਛੇ ਚੱਲ ਰਹੇ ਸਨ। ਅਚਾਨਕ ਹੀ ਟਰਾਲੇ ਨੇ ਬੈਕ ਮਾਰ ਦਿੱਤੀ ਅਤੇ ਪਿੱਛੇ ਆ ਰਹੇ ਬਾਈਕ ਸਵਾਰ ਇਸ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਤਿੰਨੋਂ ਜਣੇ ਬੇਰਹਿਮੀ ਨਾਲ ਕੁਚਲੇ ਗਏ।
ਘਟਨਾ ਦੇ ਕੁਝ ਸਮੇਂ ਬਾਅਦ ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕਾਫਲੇ ਸਮੇਤ ਉੱਥੋਂ ਲੰਘ ਰਹੇ ਸਨ ਅਤੇ ਜਿਵੇਂ ਹੀ ਹਾਦਸਾ ਦੇਖਿਆ, ਉਹ ਤੁਰੰਤ ਰੁਕ ਗਏ ਤਾਂ ਜੋ ਜੇਕਰ ਕੋਈ ਜ਼ਖ਼ਮੀ ਹੋਵੇ ਤਾਂ ਉਸਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਪਰ ਤਿੰਨੋ ਹੀ ਲੋਕਾਂ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਹਾਦਸੇ ਤੋਂ ਬਾਅਦ ਕੰਟੋਨਮੈਂਟ ਥਾਣੇ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਨੇ ਕਿਹਾ ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਸ ਦੀ ਵੀ ਗਲਤੀ ਹੋਈ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
