ਬਰਨਾਲਾ, 5 ਅਕਤੂਬਰ 2025 – ਬੀਤੇ ਦਿਨ 4 ਅਕਤੂਬਰ ਨੂੰ ਸ਼ਾਮ ਕਰੀਬ 4 ਵਜੇ ਦੇ ਕਰੀਬ ਬੱਸ ਸਟੈਂਡ ਸ਼ਹਿਣਾ ’ਤੇ ਭਾਈ ਮੂਲ ਚੰਦ ਪ੍ਰੋਪਰਟੀ ਡੀਲਰ ਦੀ ਦੁਕਾਨ ਤੇ ਬੈਠੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਇਸ ਮਾਮਲੇ ‘ਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।
ਅਸਲ ‘ਚ ਕਲਕੱਤਾ ਦਾ ਗੋਲ਼ੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਜਿੰਦਰ ਸਿੰਘ ਪਿੰਡ ਸਹਿਣਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇੱਕ ਵੀਡੀਓ ਅਪਲੋਡ ਕੀਤੀ ਹੈ। “ਜਿਸ ‘ਚ ਦੋਸ਼ੀ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸ ਨੂੰ ਬਹੁਤ ਸਮਝਾਇਆ ਕਿ ਹੱਟ ਜਾਂ ਪਰ ਉਹ ਨਹੀਂ ਮੰਨਿਆ। ਉਸ ਨੇ ਯਾਰੀ ਵਾਲੀ ਗੱਲ ਨਹੀਂ ਕੀਤੀ।”
ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦੀ ਦੀ ਖ਼ਬਰ ਸਾਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਦਾ ਬੱਸ ਸਟੈਂਡ ’ਤੇ ਇਕੱਠ ਹੋ ਗਿਆ। ਇਕੱਠੇ ਹੋਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸ.ਪੀ.ਡੀ. ਅਸ਼ੋਕ ਸ਼ਰਮਾ ਅਤੇ ਡੀਐਸਪੀ ਗੁਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਪ੍ਰਸ਼ਾਸਨ ਪੁੱਜ ਚੁੱਕਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਵੀ ਬਾਅਦ ‘ਚ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਹਿਣਾ ਦੇ ਰਹਿਣ ਵਾਲੇ ਭਰਪੂਰ ਸਿੰਘ ਦੇ ਪੁੱਤਰ ਜਿੰਦਰ ਸਿੰਘ ਨੇ ਗੋਲੀ ਮਾਰ ਕੇ ਕਲਕੱਤਾ ਦਾ ਕਤਲ ਦਿੱਤਾ ਸੀ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਕਾਤਲ ਸਹਿਣਾ ਪਿੰਡ ਦਾ ਵਸਨੀਕ ਸੀ। ਮ੍ਰਿਤਕ ਅਤੇ ਕਾਤਲ ਇਕੱਠੇ ਰਹਿੰਦੇ ਸਨ। ਕਾਤਲ ਦੀ ਨਿੱਜੀ ਰੰਜਿਸ਼ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਕਾਤਲ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸੁਖਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦਾ ਹਿੱਸਾ ਸੀ, ਪਰ ਕੁਝ ਦੇਰ ਪਹਿਲਾਂ ਹੀ ਉਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਕੰਮ ਕਰ ਰਿਹਾ ਸੀ। ਮ੍ਰਿਤਕ ਆਮ ਆਦਮੀ ਪਾਰਟੀ ਅਤੇ ਭਦੌੜ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਖ਼ਿਲਾਫ਼ ਆਵਾਜ਼ ਚੁੱਕਣ ਕਰਕੇ ਲੰਬੇ ਸਮੇਂ ਤੋਂ ਚਰਚਾ ਵਿੱਚ ਸੀ। ਸੁਖਵਿੰਦਰ ਦੇ ਪਿਤਾ ਤੋਂ ਬਿਨਾਂ ਉਸ ਦੀ ਮਾਂ ਗੁਰਮੀਤ ਕੌਰ ਵੀ ਸਰਪੰਚ ਰਹਿ ਚੁੱਕੀ ਹੈ। ਸੁਖਵਿੰਦਰ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਸੀ ਅਤੇ ਖੁੱਲ੍ਹ ਕੇ ਰਾਜਨੀਤਿਕ ਪਾਰਟੀਆਂ ਦੀ ਆਲੋਚਨਾ ਕਰਦਾ ਸੀ। ਇਸੇ ਤਹਿਤ ਕਤਲ ਨੂੰ ਰਾਜਨੀਤਿਕ ਰੰਜਿਸ਼ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
