ਚੰਡੀਗੜ੍ਹ, 5 ਅਕਤੂਬਰ 2025 – ਆਪ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਜਿੰਦਰ ਗੁਪਤਾ ਨੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਕਾਲੀ ਮਾਤਾ ਮੰਦਰ, ਪਟਿਆਲਾ ਦੀ ਸਲਾਹਕਾਰ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਸੀ। ਜਿਸ ਤੋਂ ਬਾਅਦ ਇਹ ਹੀ ਚਰਚੇ ਸਨ ਕਿ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਅਰੋੜਾ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਤੋਂ ਚੋਣ ਲੜੀ ਸੀ। ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਹੋ ਗਈ ਸੀ, ਜਿਸ ਕਾਰਨ ਜ਼ਿਮਨੀ ਚੋਣ ਦੀ ਲੋੜ ਪਈ ਸੀ।
ਸ਼ੁਰੂ ਵਿੱਚ ਚਰਚਾ ਸੀ ਕਿ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ਚੋਣ ਲੜਨਗੇ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਨਾਮ ਸਾਹਮਣੇ ਆਇਆ। ਹਾਲਾਂਕਿ, ਜਦੋਂ ਵਿਰੋਧੀ ਪਾਰਟੀਆਂ ਨੇ ਦਿੱਲੀ ਵਾਸੀਆਂ ਦੇ ਪੰਜਾਬ ਰਾਜ ਸਭਾ ਸੀਟ ਤੋਂ ਚੋਣ ਲੜਨ ਦਾ ਮੁੱਦਾ ਉਠਾਇਆ ਤਾਂ ਟ੍ਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਦਾ ਨਾਮ ਸੁਰਖੀਆਂ ਵਿੱਚ ਆਇਆ ਅਤੇ ਆਪ ਨੇ ਉਨ੍ਹਾਂ ਦੇ ਨਾਮ ‘ਤੇ ਹੀ ਮੋਹਰ ਲਾ ਦਿੱਤੀ ਹੈ।

