ਚੰਡੀਗੜ੍ਹ, ਅਕਤੂਬਰ 5, 2025 – ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਹੋਰ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ 18 ਸਾਲ ਦੀ ਉਮਰ ਪੂਰੀ ਹੋਣ ‘ਤੇ ਬਾਲਗ ਡਿਟੈਂਸ਼ਨ ਸੈਂਟਰਾਂ ਵਿੱਚ ਭੇਜਣ ਦੇ ਫੈਸਲੇ ‘ਤੇ ਰੋਕ ਕਾ ਦਿੱਤੀ ਹੈ।
ਦੱਸ ਦਈਏ ਕਿ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ ਬਾਲਗ ਹੋਣ ‘ਤੇ ਡਿਟੈਂਸ਼ਨ ਸੈਂਟਰਾਂ ਵਿੱਚ ਭੇਜਣ ਦਾ ਫੈਸਲਾ ਲਿਆ ਸੀ। ਇਸ ‘ਤੇ ਫੈਸਲਾ ਸੁਣਾਉਂਦੇ ਹੋਏ ਅਮਰੀਕੀ ਫੈਡਰਲ ਅਦਾਲਤ ਦੇ ਜੱਜ ਰਡੋਲਫ਼ ਕੌਂਟਰੋਸਾਸ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਜੱਜ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਕਿ ਇਨ੍ਹਾਂ ਨੌਜਵਾਨਾਂ ਨਾਲ ਮਨੁੱਖੀ ਸਲੂਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਦੇ ਤੌਰ ‘ਤੇ ਨਹੀਂ, ਸਹਾਇਤਾ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਇਹ ਫੈਸਲਾ ਅਮਰੀਕਾ ਦੇ ਸੰਵਿਧਾਨ ਖ਼ਿਲਾਫ਼ ਹੈ।
ਟਰੰਪ ਪ੍ਰਸ਼ਾਸਨ ਨੇ ਇਹ ਕਦਮ ਸਰਹੱਦਾਂ ‘ਤੇ ਹੋ ਰਹੀ ਗੈਰਕਾਨੂੰਨੀ ਇਮਿਗ੍ਰੇਸ਼ਨ ‘ਤੇ ਨਿਯੰਤਰਣ ਲਈ ਚੁੱਕਿਆ ਸੀ, ਪਰ ਵਿਰੋਧੀ ਧਿਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਕਈ ਪਰਿਵਾਰ ਟੁੱਟ ਜਾਣਗੇ ਅਤੇ ਬੱਚਿਆਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਹੋਰ ਮੁੱਦਿਆਂ ‘ਤੇ ਟਰੰਪ ਵੱਲੋਂ ਲਏ ਫੈਸਲਿਆਂ ‘ਤੇ ਅਦਾਲਤਾਂ ਵੱਲੋਂ ਰੋਕਾਂ ਲਾਈਆਂ ਗਈਆਂ ਹਨ।

