ਨਵੀਂ ਦਿੱਲੀ, 10 ਅਕਤੂਬਰ 2025 – ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫ਼ਿਰ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਉਹ ਅੱਜ ਅਚਾਨਕ ਦਿੱਲੀ ਪਹੁੰਚੇ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਨੇ ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਨਾਲ ਹੀ ਔਖੇ ਸਮੇਂ ਵਿਚ ਸਾਥ ਦੇਣ ਲਈ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ।
ਇਸ ਮੁਲਾਕਾਤ ਨੂੰ ਅਹਿਮ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਾਫ਼ੀ ਸਮੇਂ ਤੋਂ ਸਿਆਸਤ ‘ਚੋਂ ਗਾਇਬ ਹਨ। ਉਨ੍ਹਾਂ ਵੱਲੋਂ ਨਾ ਤਾਂ ਕੋਈ ਸਿਆਸੀ ਸਰਗਰਮੀ ਵਿਚ ਹਿੱਸਾ ਲਿਆ ਜਾ ਰਿਹਾ ਹੈ ਤੇ ਨਾ ਹੀ ਕੋਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ 2027 ਵਿਚ ਵਿਧਾਨ ਸਭਾ ਚੋਣ ਲੜਣ ਦਾ ਵੀ ਐਲਾਨ ਕੀਤਾ ਸੀ। ਹੁਣ ਨਵਜੋਤ ਸਿੰਘ ਸਿੱਧੂ ਤੇ ਪ੍ਰਿਯੰਕਾ ਗਾਂਧੀ ਵਿਚਾਲੇ ਇਸ ਮੁਲਾਕਾਤ ਮਗਰੋਂ ਫ਼ਿਰ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਛਿੜ ਗਈਆਂ ਹਨ।

