ਨਵੀਂ ਦਿੱਲੀ, 10 ਅਕਤੂਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਸ਼ੁੱਕਰਵਾਰ ਨੂੰ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆ ਦੇ ਸਭ ਤੋਂ ਵੱਕਾਰੀ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਮਚਾਡੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਹੈ।
ਉਨ੍ਹਾਂ ਨੇ ਵੈਨੇਜ਼ੁਏਲਾ ਵਿੱਚ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਲਗਾਤਾਰ ਲੜਾਈ ਲੜੀ ਹੈ। ਨੋਬਲ ਕਮੇਟੀ ਨੇ ਕਿਹਾ ਕਿ “ਅਜਿਹੇ ਸਮੇਂ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਤਾਨਾਸ਼ਾਹੀ ਵਧ ਰਹੀ ਹੈ ਅਤੇ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ, ਮਾਰੀਆ ਮਚਾਡੋ ਵਰਗੇ ਲੋਕਾਂ ਦੀ ਹਿੰਮਤ ਉਮੀਦ ਨੂੰ ਜਗਾਉਂਦੀ ਹੈ।” ਕਮੇਟੀ ਨੇ ਕਿਹਾ ਕਿ ਸਥਾਈ ਸ਼ਾਂਤੀ ਲਈ ਲੋਕਤੰਤਰ ਹੀ ਇੱਕੋ ਇੱਕ ਜਰੂਰੀ ਸ਼ਰਤ ਹੈ। ਜਦੋਂ ਸੱਤਾ ਹਿੰਸਾ ਅਤੇ ਡਰ ਰਾਹੀਂ ਜਨਤਾ ਨੂੰ ਦਬਾਉਂਦੀ ਹੈ, ਤਾਂ ਅਜਿਹੇ ‘ਚ ਦਲੇਰ ਵਿਅਕਤੀਆਂ ਦਾ ਸਨਮਾਨ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਨਾਰਵੇਈ ਨੋਬਲ ਕਮੇਟੀ ਹਰ ਸਾਲ ਇਸ ਪੁਰਸਕਾਰ ਲਈ ਉਨ੍ਹਾਂ ਵਿਅਕਤੀਆਂ ਜਾਂ ਸੰਗਠਨਾਂ ਦੀ ਚੋਣ ਕਰਦੀ ਹੈ ਜੋ ਸ਼ਾਂਤੀ ਨੂੰ ਉਤਸ਼ਾਹਿਤ ਕਰਨ, ਦੇਸ਼ਾਂ ਵਿਚਕਾਰ ਭਾਈਚਾਰਾ ਮਜ਼ਬੂਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕਈ ਦਿਨਾਂ ਤੋਂ ਨੋਬਲ ਸ਼ਾਂਤੀ ਪੁਰਸਕਾਰ ਨਾਮਜ਼ਦਗੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਆਪਣੀਆਂ ਕੁਝ ਵਿਦੇਸ਼ ਨੀਤੀ ਪ੍ਰਾਪਤੀਆਂ, ਜਿਵੇਂ ਕਿ ਸ਼ਾਂਤੀ ਸਮਝੌਤੇ, ਲਈ ਆਪਣੀ ਪ੍ਰਸ਼ੰਸਾ ਕੀਤੀ। ਪਰ ਨੋਬਲ ਮਾਹਿਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸਦੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੈ।

