ਚੰਡੀਗੜ੍ਹ, 10 ਅਕਤੂਬਰ 2025 – ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ਤੋਂ ਬਾਅਦ, ਅੱਜ ਕੀਰਤਪੁਰ ਸਾਹਿਬ ਵਿਖੇ ਉਨ੍ਹਾਂ ਦੇ ਫੁੱਲ ਜਲ ਪ੍ਰਵਾਹ ਕੀਤੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜਵੀਰ ਜਵੰਦਾ ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਪੋਨਾ ਵਿਖੇ ਕੀਤਾ ਗਿਆ ਸੀ। ਜਿਸ ਮਗਰੋਂ ਅੱਜ ਸਵੇਰੇ ਫੁੱਲ ਚੁਗਣ ਦੀ ਰਸਮ ਕੀਤੀ ਗਈ ਅਤੇ ਹੁਣ ਪਰਿਵਾਰਿਕ ਮੈਂਬਰਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਵਿੱਚ ਬਣੇ ਅਸਤਘਾਟ ਵਿੱਚ ਜਲ ਪ੍ਰਵਾਹ ਕੀਤੀਆਂ।
ਦੱਸ ਦੇਈਏ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ‘ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟੱਕਰ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਚੱਲੇ ਇਲਾਜ ਦੇ ਬਾਵਜੂਦ 8 ਤਸਬੰਰ ਨੂੰ 10.55 ਵਜੇ ਜਵੰਦਾ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇੱਕ ਅਧਿਕਾਰਤ ਬਿਆਨ ਵਿੱਚ, ਫੋਰਟਿਸ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਵੰਦਾ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ।
ਲੁਧਿਆਣਾ ਦੇ ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ “ਤੂੰ ਦਿਸ ਪੈਂਦਾ,” “ਖੁਸ਼ ਰਿਹਾ ਕਰ,” “ਸਰਨੇਮ,” “ਆਫਰੀਨ,” “ਲੈਂਡਲਾਰਡ,” “ਡਾਊਨ ਟੂ ਅਰਥ,” ਅਤੇ “ਕੰਗਣੀ” ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ “ਸੂਬੇਦਾਰ ਜੋਗਿੰਦਰ ਸਿੰਘ”, 2019 ਵਿੱਚ “ਜ਼ਿੰਦ ਜਾਨ” ਅਤੇ 2019 ਵਿੱਚ “ਮਿੰਦੋ ਤਸੀਲਦਾਰਨੀ” ਵਿੱਚ ਕੰਮ ਕੀਤਾ।

