ਸੁਲਤਾਨਪੁਰ ਲੋਧੀ, 10 ਅਕਤੂਬਰ 2025 – ਸੁਲਤਾਨਪੁਰ ਲੋਧੀ ਦੇ ਪਿੰਡ ਜਬੋਸੁਧਾਰ ਵਿੱਚ ਸ਼ੋਸਲ ਆਡਿਟ ਟੀਮ ਵੱਲੋਂ ਗ੍ਰਾਮ ਸਭਾ ਦੀ ਮੀਟਿੰਗ ਦੌਰਾਨ ਮਗਨਰੇਗਾ ਵਿੱਚ ਸਕੂਲ ਦੀ ਚਾਰਦੀਵਾਰੀ ਦੇ ਕੰਮ ਵਿੱਚ ਸਰਕਾਰੀ ਫੰਡਾਂ ਦਾ ਗਬਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਗਨਰੇਗਾ ਵਿੱਚ ਸਕੂਲ ਦੀ ਚਾਰਦੀਵਾਰੀ ਦੇ ਕੰਮ ਵਿੱਚ ਵੈਂਡਰ ਖਾਲਸਾ ਬਿਲਡਿੰਗ ਮਟੀਰੀਅਲ ਸਟੋਰ ਦੇ ਬਿੱਲ ਨੰਬਰ 368 ਮਿਤੀ 1 ਅਪ੍ਰੈਲ 2023 ਨੂੰ ਫਰਜ਼ੀ ਦੱਸਿਆ ਗਿਆ ਸੀ। ਇਸ ਦੀ ਜਾਂਚ ਲਈ ਜਸਵਿੰਦਰ ਸਿੰਘ ਲੋਕਪਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਕਪੂਰਥਲਾ ਵੱਲੋਂ ਸੋ-ਮੋਟੋ ਨੋਟਿਸ ਲਿਆ ਗਿਆ ਸੀ ।
ਜਿਸ ਵਿੱਚ ਵੈਡਰ ਖਾਲਸਾ ਬਿਲਡਿੰਗ ਮਟੀਰੀਅਲ ਸਟੋਰ ਨੂੰ ਫਰਜ਼ੀ ਪਾਇਆ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਉਸ ਦਾ ਜੀ. ਐੱਸ. ਟੀ. ਨੰਬਰ ਫਰਜ਼ੀ ਸੀ। ਇਕ ਮਗਨਰੇਗਾ ਵਰਕਰ ਕੁਲਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਸੈਦਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਬਲਾਕ ਸੁਲਤਾਨਪੁਰ ਲੋਧੀ ਦੇ ਮੁਲਾਜ਼ਮਤ ਵੱਲੋਂ ਖਾਲਸਾ ਬਿਲਡਿੰਗ ਮਟੀਰੀਅਲ ਸਟੋਰ ਦੇ ਨਾਮ ‘ਤੇ ਵੈਡਰ ਰਜਿਸਟਰਡ ਕੀਤਾ ਗਿਆ। ਪਿੰਡ ਜਬੋਸੁਧਾਰ ਚਾਰਦਿਵਾਰੀ ਦੀਆਂ ਇੱਟਾਂ ਦਾ ਐਸਟੀਮੇਟ ਤੋਂ ਜਿਆਦਾ ਫਰਜ਼ੀ ਬਿਲ ਪਾਕੇ ਫੰਡਾਂ ਦਾ ਗਬਨ ਕੀਤਾ ਗਿਆ।
ਖਾਲਸਾ ਬਿਲਡਿੰਗ ਮਟੀਰੀਅਲ ਸਟੋਰ ਵੈਂਡਰ ਦੇ ਬੈਂਕ ਖਾਤੇ ਵਿੱਚੋਂ ਕਰਮਿੰਦਰ ਹੈਪੀ ਗ੍ਰਾਮ ਰੋਜਗਾਰ ਸੇਵਕ ਬਲਾਕ ਸੁਲਤਾਨਪੁਰ ਲੋਧੀ ਦੇ ਬੈਂਕ ਖ਼ਾਤੇ ਵਿੱਚ 10 ਲੱਖ ਰੁਪਏ, ਕਰਮਿੰਦਰ ਹੈਪੀ ਦੇ ਪਿਤਾ ਦੇ ਖ਼ਾਤੇ ਵਿੱਚ 25 ਲੱਖ ਰੁਪਏ ਅਤੇ ਕਰਮਿੰਦਰ ਹੈਪੀ ਦੀ ਪਤਨੀ ਦੇ ਬੈਂਕ ਖ਼ਾਤੇ ‘ਚ 22.63 ਲੱਖ ਰੁਪਏ ਟਰਾਂਸਫ਼ਰ ਕੀਤੇ ਬਾਅਦ ਵਿੱਚ ਕਰਮਿੰਦਰ ਹੈਪੀ ਦੇ ਪਿਤਾ ਨੇ ਆਪਣੇ ਬੈਂਕ ਖ਼ਾਤੇ ਵਿੱਚੋਂ ਕੁੱਲ੍ਹ 4 ਲੱਖ ਰੁਪਏ ਚਰਨਜੀਤ ਏ. ਪੀ. ਓ. ਮਗਨਰੇਗਾ ਬਲਾਕ ਸੁਲਤਾਨਪੁਰ ਲੋਧੀ ਦੇ ਬੈਂਕ ਖ਼ਾਤੇ ਵਿੱਚ ਟਰਾਂਸਫਰ ਕੀਤੇ। ਕਰਮਿੰਦਰ ਹੈਪੀ ਗ੍ਰਾਮ ਰੋਜਗਾਰ ਸੇਵਕ ਦੇ ਬੈਂਕ ਖ਼ਾਤੇ ਵਿੱਚ ਫਰਜੀ ਮਗਨਰੇਗਾ ਦਿਹਾੜੀਆਂ ਦਾ ਭੁਗਤਾਨ ਅਤੇ ਸਰਕਾਰੀ ਫੰਡਾਂ ਦਾ ਲੈਣ ਦੇਣ ਕੀਤਾ ਗਿਆ। ਉਕਤ ਸਾਰੇ ਵਿਅਕਤੀਆਂ ਵੱਲੋਂ ਆਪਸੀ ਸ਼ਮੂਲੀਅਤ ਨਾਲ ਵੱਡੇ ਪੱਧਰ ‘ਤੇ ਸਰਕਾਰੀ ਫੰਡਾਂ ਦਾ ਗਬਨ ਕੀਤਾ।

ਜਸਵਿੰਦਰ ਸਿੰਘ ਲੋਕਪਾਲ ਕਪੂਰਥਲਾ ਵੱਲੋਂ ਇਸ ਨੋਟਿਸ ਦਾ ਫ਼ੈਸਲਾ ਕਰਦੇ ਹੋਏ ਪ੍ਰਬੰਧਕੀ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਨੂੰ ਚਰਨਜੀਤ ਏ. ਪੀ. ਓ. ਬਲਾਕ ਸੁਲਤਾਨਪੁਰ ਲੋਧੀ, ਕਰਮਿੰਦਰ ਹੈਪੀ ਗ੍ਰਾਮ ਰੋਜਗਾਰ ਸੇਵਕ ਬਲਾਕ ਸੁਲਤਾਨਪੁਰ ਲੋਧੀ, ਕਰਮਿੰਦਰ ਹੈਪੀ ਦੀ ਪਤਨੀ, ਅਤੇ ਪਿਤਾ ਵਿਰੁੱਧ ਕਾਨੂਨੀ ਕਾਰਵਾਈ ਕਰਕੇ ਫੰਡਾਂ ਦੀ ਰਿਕਵਰੀ ਕਰਨ ਦੀ ਸਿਫ਼ਾਰਿਸ਼ ਕੀਤੀ ਗਈ । ਬਲਾਕ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਸੈਕਟਰੀ ਪੇਂਡੂ ਵਿਕਾਸ ਮੰਤਰਾਲਾ ਭਾਰਤ ਸਰਕਾਰ ਨੂੰ ਲਿੱਖਿਆ ਗਿਆ। ਫਰਜ਼ੀ ਵੈਂਡਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਮਿਸ਼ਨਰ ਜੀ. ਐੱਸ. ਟੀ. ਵਿਭਾਗ ਪੰਜਾਬ ਨੂੰ ਕਿਹਾ ਗਿਆ ।
