ਚੋਣ ਨਤੀਜਿਆਂ ਨੇ ਅਕਾਲੀ ਦਲ, ਆਪ ਤੇ ਭਾਜਪਾ ਦੀਆਂ ਲੋਕ ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਖਿਲਾਫ ਫ਼ਤਵਾ ਦਿੱਤਾ – ਕੈਪਟਨ

  • ਚੋਣ ਨਤੀਜਿਆਂ ਨੇ ਨਾ ਸਿਰਫ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੀ ਪ੍ਰੋੜਤਾ ਕੀਤੀ ਸਗੋਂ ਅਕਾਲੀ ਦਲ, ਆਪ ਤੇ ਭਾਜਪਾ ਦੀਆਂ ਲੋਕ ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਖਿਲਾਫ ਫ਼ਤਵਾ ਦਿੱਤਾ-ਮੁੱਖ ਮੰਤਰੀ
  • ਸੂਬੇ ਦੇ ਲੋਕਾਂ ਤੇ ਸੁਨੀਲ ਜਾਖੜ ਦੀ ਅਗਵਾਈ ’ਚ ਸੂਬਾਈ ਕਾਂਗਰਸ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ
  • ਚੋਣ ਨਤੀਜਿਆਂ ਨੂੰ 2022 ਵਿਧਾਨ ਸਭਾ ਚੋਣਾਂ ਦੀ ਝਲਕ ਦੱਸਿਆ

ਚੰਡੀਗੜ੍ਹ, 17 ਫਰਵਰੀ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬਾਈ ਮਿਊਂਸਿਪਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਨਾ ਸਿਰਫ ਉਨਾਂ ਦੀ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੀ ਪ੍ਰੋੜਤਾ ਦੱਸਿਆ ਸਗੋਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਭਾਜਪਾ ਦੀਆਂ ਲੋਕ ਮਾਰੂ ਨੀਤਿਆਂ ਖਿਲਾਫ ਫ਼ਤਵਾ ਗਰਦਾਨਿਆ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੇ ਸਮੂਹ ਵਿਧਾਇਕਾਂ, ਮੈਂਬਰਾਂ ਅਤੇ ਵਰਕਰਾਂ ਨੂੰ ਇਨਾਂ ਮਿਊਂਸਿਪਲ ਚੋਣਾਂ, ਜਿਨਾਂ ਦੇ ਨਤੀਜੇ ਅੱਜ ਐਲਾਨੇ ਗਏ, ਵਿੱਚ ਹੂੰਝਾ ਫੇਰੂ ਜਿੱਤ ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਨਾਂ ਤਿੰਨਾਂ ਪਾਰਟੀਆਂ ਦੇ ਵੰਡ ਪਾਊ, ਗੈਰ-ਲੋਕਤੰਤਰੀ, ਗੈਰ-ਸੰਵਿਧਾਨਿਕ ਅਤੇ ਪਿਛਾਂਹਖਿਚੁ ਏਜੰਡੇ ਨੂੰ ਪੂਰੀ ਤਰਾਂ ਨਾਲ ਰੱਦ ਕਰ ਦਿੱਤਾ ਹੈ। ਉਨਾਂ ਲੋਕਾਂ ਨੂੰ ਇਨਾਂ ਨਕਾਰਾਤਮਕ ਅਤੇ ਭੈੜੀਆਂ ਤਾਕਤਾਂ ਨੂੰ ਭਾਂਜ ਦੇਣ ਲਈ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ ਜੋ ਕਿ ਪੰਜਾਬ ਅਤੇ ਇਸ ਦੇ ਭਵਿੱਖ ਨੂੰ ਬਰਬਾਦ ਕਰਨ ਉਤੇ ਤੁਲੀਆਂ ਹੋਈਆਂ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਚੋਣਾਂ ਸਨ ਜਿਨਾਂ ਨੇ ਲੋਕਾਂ ਵਿੱਚ ਭਾਜਪਾ ਖਿਲਾਫ਼ ਪਾਏ ਜਾ ਰਹੇ ਗੁੱਸੇ ਨੂੰ ਸਾਹਮਣੇ ਲੈ ਆਂਦਾ ਹੈ, ਜਿਹੜੀ ਪਾਰਟੀ ਆਪਣੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਵਿੱਚ ਆਪ ਦੀ ਮਿਲੀਭੁਗਤ ਨਾਲ ਕਿਸਾਨ ਵਿਰੋਧੀ ਬਿੱਲ ਲਾਗੂ ਕਰਵਾਉਣ ਦੀ ਜ਼ਿੰਮੇਵਾਰ ਹੈ। ਉਨਾਂ ਅੱਗੇ ਦੱਸਿਆ ਕਿ ਇਨਾਂ ਪਾਰਟੀਆਂ ਨੇ ਪੰਜਾਬ ਨੂੰ ਤਬਾਹ ਕਰਨ ਦੇ ਸਪੱਸ਼ਟ ਮਨਸੂਬੇ ਨਾਲ ਕਿਸਾਨਾਂ ਦੇ ਹੱਕਾਂ ਨੂੰ ਆਪਣੇ ਪੈਰਾਂ ਹੇਠਾਂ ਦਰੜਿਆ। ਉਨਾਂ ਕਿਹਾ ਕਿ ਇਸ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਵੱਲੋਂ ਵਹਾਏ ਗਏ ਮਗਰਮੱਛ ਦੇ ਹੰਝੂਆਂ ਅਤੇ ਡਰਾਮੇਬਾਜ਼ੀ ਨੂੰ ਸੂਬੇ ਦੇ ਲੋਕਾਂ ਨੇ ਚੰਗੀ ਤਰਾਂ ਸਮਝਦੇ ਹੋਏ ਸਿਆਸਤ ਕਰ ਰਹੀਆਂ ਇਨਾਂ ਪਾਰਟੀਆਂ ਨੂੰ ਠੋਕਵਾਂ ਜਵਾਬ ਦਿੱਤਾ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਹੁਣ ਜਦੋਂ ਕਾਂਗਰਸ ਦੇ ਮੁਕਾਬਲੇ ਅਕਾਲੀ ਦਲ, ਆਪ ਅਤੇ ਭਾਜਪਾ ਨੇੜੇ-ਤੇੜੇ ਵੀ ਨਹੀਂ ਢੁਕ ਸਕੀਆਂ ਅਤੇ ਇੱਥੋਂ ਤੱਕ ਕਿ ਕਈ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਤੋਂ ਵੀ ਪਿੱਛੇ ਰਹਿ ਗਈਆਂ। ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵੋਟਰਾਂ ਨੇ ਸੁਚੱਜੇ ਪ੍ਰਸ਼ਾਸਨ ਅਤੇ ਤਰੱਕੀ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਸਪੱਸ਼ਟ ਰੂਪ ਵਿੱਚ ਇਨਾਂ ਪਾਰਟੀਆਂ ਦੀ ਸੌੜੀ ਸਿਆਸੀ ਸੋਚ ਨੂੰ ਨਕਾਰ ਦਿੱਤਾ ਹੈ। ਉਨਾਂ ਅੱਗੇ ਦੱਸਿਆ ਕਿ ਇਨਾਂ ਪਾਰਟੀਆਂ ਨੂੰ ਪੰਜਾਬ ਦੇ ਮਸਲਿਆਂ ਤੋਂ ਦੂਰ ਰਹਿਣ ਦਾ ਇਹ ਇਕ ਸਾਫ਼ ਤੇ ਸਪੱਸ਼ਟ ਸੁਨੇਹਾ ਹੈ। ਉਨਾਂ ਕਿਹਾ ਕਿ ਪੰਜਾਬ ਇਨਾਂ ਪਾਰਟੀਆਂ ਦੁਆਰਾ ਸੂਬੇ ਦੇ ਲੋਕਾਂ ਨਾਲ ਕੀਤੀ ਗਈ ਧੋਖਾਧੜੀ ਅਤੇ ਫਰੇਬ ਨੂੰ ਨਾ ਤਾਂ ਮੁਆਫ਼ ਕਰਨ ਅਤੇ ਨਾ ਹੀ ਭੁੱਲਣ ਲਈ ਤਿਆਰ ਹੈ।

ਆਖ਼ਰੀ ਨਤੀਜਿਆਂ ਮੁਤਾਬਕ ਕਾਂਗਰਸ ਨੇ 1815 ਵਾਰਡਾਂ (ਮਿਊਂਸਪਲ ਕੌਂਸਲਾਂ) ਵਿੱਚੋਂ 1199 ਅਤੇ ਨਗਰ ਨਿਗਮਾਂ ਦੀਆਂ 350 ਸੀਟਾਂ ਵਿੱਚੋਂ 281 ਉਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਅਕਾਲੀ ਦਲ ਨੂੰ ਮਿਊਂਸਪਲ ਕੌਂਸਲਾਂ ਵਿੱਚ 289 ਅਤੇ ਨਗਰ ਨਿਗਮਾਂ ਵਿੱਚ 33, ਭਾਜਪਾ ਨੂੰ ਮਿਊਂਸਿਪਲ ਕੌਂਸਲਾਂ ਵਿੱਚ 38 ਅਤੇ ਨਗਰ ਨਿਗਮਾਂ ਵਿੱਚ 20 ਤੇ ਆਪ ਨੂੰ ਮਿਊਂਸਿਪਲ ਕੌਂਸਲਾਂ ਵਿੱਚ 57 ਅਤੇ ਨਗਰ ਨਿਗਮਾਂ ਵਿੱਚ 9 ਸੀਟਾਂ ਹਾਸਲ ਹੋਈਆਂ। ਬਾਕੀ ਦੀਆਂ ਸੀਟਾਂ ’ਤੇ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਦਾ ਕਬਜ਼ਾ ਰਿਹਾ ਜਦੋਂ ਕਿ ਬਹੁਜਨ ਸਮਾਜ ਪਾਰਟੀ (ਕੇ) ਅਤੇ ਸੀ.ਪੀ.ਆਈ. ਨੂੰ ਕ੍ਰਮਵਾਰ 13 ਅਤੇ 12 ਵਾਰਡਾਂ ਵਿੱਚ ਜਿੱਤ ਹਾਸਲ ਹੋਈ। ਸਾਲ 2015 ਦੀਆਂ ਬਠਿੰਡਾ, ਹੁਸ਼ਿਆਰਪੁਰ, ਮੋਗਾ ਅਤੇ ਪਠਾਨਕੋਟ ਜ਼ਿਲਿਆਂ ਵਿੱਚ ਹੋਈਆਂ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਮਿਲੀਆਂ 11 ਸੀਟਾਂ ਦੇ ਮੁਕਾਬਲੇ ਹੁਣ ਸਥਿਤੀ ਵੱਡੀ ਪੱਧਰ ’ਤੇ ਕਾਂਗਰਸ ਦੇ ਪੱਖ ਵਿੱਚ ਹੈ। ਇਸ ਦਾ ਅੰਦਾਜ਼ਾ ਇਸੇ ਤੋਂ ਲਗਦਾ ਹੈ ਕਿ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਦੇ ਹੋਏ 149 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰਾਂ ਹੀ ਵਾਰਡਾਂ ਵਿੱਚ ਸਾਲ 2015 ਦੀਆਂ 356 ਸੀਟਾਂ ਦੇ ਮੁਕਾਬਲੇ ਕਾਂਗਰਸ ਨੇ ਹੁਣ 1480 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ ਇਨਾਂ ਨਤੀਜਿਆਂ ਨਾਲ ਇਨਾਂ ਸਾਰੀਆਂ ਪਾਰਟੀਆਂ ਨੂੰ ਇਕ ਵਰੇ ਤੋਂ ਵੀ ਘੱਟ ਸਮੇਂ ਦੇ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੈਦਾ ਹੋਣ ਵਾਲੀ ਸਥਿਤੀ ਦੀ ਝਲਕ ਵੇਖਣ ਨੂੰ ਮਿਲ ਗਈ ਹੈ।’’ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਪ ਨੂੰ ਇਨਾਂ ਮਿਊਂਸਿਪਲ ਚੋਣਾਂ ਦੌਰਾਨ ਜਿਸ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਹ ਤਾਂ ਅਜੇ ਸ਼ੁਰੂਆਤ ਹੈ ਅਤੇ ਆਉਂਦੇ ਮਹੀਨਿਆਂ ਦੌਰਾਨ ਇਹ ਤਿੰਨੇ ਪਾਰਟੀਆਂ ਦੇਸ਼ ਦੇ ਸਿਆਸੀ ਨਕਸ਼ੇ ਅਤੇ ਪੰਜਾਬ ਦੀ ਸਿਆਸਤ ਵਿੱਚੋਂ ਮਨਫੀ ਹੋ ਜਾਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਹਿਰਾਂ ਦੇ ਵਿਕਾਸ ਸਦਕਾ ਕਾਂਗਰਸ ਪਾਰਟੀ ਨੂੰ ਵੋਟਰਾਂ ਨੇ ਦਿੱਤਾ ਪੂਰਨ ਸਮਰਥਨ : ਬ੍ਰਹਮ ਮਹਿੰਦਰਾ

‘ਆਪ’ ਨੇ ਪਹਿਲੀ ਵਾਰ ਐਮਸੀ ਚੋਣਾਂ ਲੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ : ਹਰਪਾਲ ਚੀਮਾ