ਕੇਂਦਰੀ ਮੰਤਰੀ ਨੇ ਪੰਜਾਬ ਲਈ ਕਰ’ਤੇ ਵੱਡੇ ਐਲਾਨ, ਪੜ੍ਹੋ ਵੇਰਵਾ

ਚੰਡੀਗੜ੍ਹ, 14 ਅਕਤੂਬਰ 2025 – ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲੁਧਿਆਣਾ ਪਹੁੰਚੇ। ਇੱਥੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਢਹਿ-ਢੇਰੀ ਹੋਏ ਘਰਾਂ ਦੀ ਉਸਾਰੀ ਲਈ ਫੰਡ ਮਨਜ਼ੂਰ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਪਾਰਟੀਬਾਜ਼ੀ ਨਹੀਂ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਵੱਲੋਂ ਜੋ ਵੀ ਮੈਮੋਰੰਡਮ ਆਵੇਗਾ, ਉਸ ਮੁਤਾਬਕ ਲੋਕਾਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਸ਼ਿਵਰਾਜ ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਪਹਿਲਾਂ 14 ਹਜ਼ਾਰ ਮਕਾਨ ਢਹਿ ਢੇਰੀ ਹੋਣ ਦੀ ਲਿਸਟ ਭੇਜੀ ਸੀ, ਉਨ੍ਹਾਂ ਨੂੰ ਬਣਵਾਉਣ ਲਈ 1.60 ਲੱਖ ਰੁਪਏ ਪ੍ਰਤੀ ਮਕਾਨ ਲਈ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਹੀ 36,703 ਮਕਾਨਾਂ ਦੀ ਲਿਸਟ ਹੋਰ ਭੇਜੀ ਗਈ ਹੈ, ਉਨ੍ਹਾਂ ਨੇ ਇਨ੍ਹਾਂ ਸਾਰੇ ਮਕਾਨਾਂ ਦੀ ਉਸਾਰੀ ਲਈ ਵੀ ਮਨਜ਼ੂਰੀ ਦਿੰਦਿਆਂ ਮੌਕੇ ‘ਤੇ ਹੀ ਇਸ ਦਾ ਪੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੂੰ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਹੋਰ ਵੀ ਕੋਈ ਹੋਇਆ ਤਾਂ ਉਸ ਦੀ ਮਦਦ ਕਰਾਂਗੇ, ਇਸ ਵਿਚ ਕੋਈ ਸਿਆਸਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੁਫ਼ਤ ਕਣਕ ਦੇ ਬੀਜ ਦੇਣ ਲਈ ਵੀ ਪੈਸੇ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੰਤਰੀ ਨੂੰ ਕਿਹਾ ਕਿ ਜੇਕਰ ਬਾਗਾਂ ਦਾ ਵੀ ਨੁਕਸਾਨ ਹੋਇਆ ਤਾਂ ਉਸ ਦੀ ਰਿਪੋਰਟ ਬਣਾ ਕੇ ਭੇਜੋ, ਉਸ ਲਈ ਵੀ ਕੇਂਦਰ ਵੱਲੋਂ ਪੈਸੇ ਭੇਜੇ ਜਾਣਗੇ। ਇਸ ਤੋਂ ਇਲਾਵਾ ਖੇਤਾਂ ਚੋਂ ਰੇਤ ਹਟਾਉਣ ਲਈ ਵੀ ਪੈਸੇ ਭੇਜੇ ਜਾ ਰਹੇ ਹਨ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਆਏ ਹੜ੍ਹਾਂ ਨੇ ਕਈ ਕਿਸਾਨਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ। ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪੰਜਾਬ ਭੇਜਿਆ ਸੀ ਤੇ ਉਨ੍ਹਾਂ ਨੇ ਉਹ ਹਾਲਾਤ ਅੱਖੀਂ ਵੇਖੇ ਸਨ। ਉਨ੍ਹਾਂ ਕਿਹਾ ਕਿ ਮੈਂ ਕੋਈ ਟੂਰਿਜ਼ਮ ਕਰਨ ਪੰਜਾਬ ਨਹੀਂ ਸੀ ਆਇਆ, ਸਗੋਂ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦਾ ਦਰਦ ਮਹਿਸੂਸ ਕਰਨ ਆਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਪਸ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਦੋਂ ਉਹ ਦਰਦ ਸੁਣਾਇਆ ਤਾਂ ਉਨ੍ਹਾਂ ਨੇ ਬਾਕੀ ਮੰਤਰੀਆਂ ਨੂੰ ਵੀ ਪੰਜਾਬ ਭੇਜਿਆ ਤੇ ਕਿਹਾ ਕਿ ਲੋਕਾਂ ਦੀ ਭਲਾਈ ਬਿਹਤਰ ਤੋਂ ਬਿਹਤਰ ਕੰਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਤੇ ਇਸ ਤੋਂ ਇਲਾਵਾ ਹੋਰ ਵੀ ਮਦਦ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਜੋ ਵੀ ਮੈਮੋਰੰਡਮ ਆਵੇਗਾ, ਉਸ ਮੁਤਾਬਕ ਪੰਜਾਬ ਦੇ ਲੋਕਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਇਕ ਚੰਗੇ ਖੇਤੀਬਾੜੀ ਮੰਤਰੀ ਵਜੋਂ ਕੰਮ ਕਰ ਰਹੇ ਹਨ ਤੇ ਉਹ ਜਦੋਂ ਵੀ ਉਨ੍ਹਾਂ ਨੂੰ ਕਿਸੇ ਕੰਮ ਲਈ ਬੁਲਾਉਂਦੇ ਹਨ ਤਾਂ ਉਹ ਜ਼ਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਇੱਕੋ ਗੱਡੀ ਵਿਚ ਬਹਿ ਕੇ ਆਏ ਹਨ, ਅਜਿਹਾ ਬਹੁਤ ਘੱਟ ਹੁੰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BBMB ‘ਚ ਪੱਕੇ ਮੈਂਬਰ ਬਣਾਉਣ ਦੀ ਤਿਆਰੀ ! ਕੇਂਦਰ ਨੇ ਚਾਰ ਸੂਬਿਆਂ ਨੂੰ ਲਿਖੀ ਚਿੱਠੀ

ਪੋਲਟਰੀ ਫਾਰਮ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ