- ਜੱਥੇ ਨੂੰ ਆਗਿਆ ਨਾ ਦੇਣ ਤੋਂ ਨਾਂਹ ਕਰਨ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 18 ਫਰਵਰੀ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰ੍ਹੇਗੰਢ ਮੌਕੇ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਇੱਛੁਕ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਆਗਿਆ ਦੇਣ ਤੋਂ ਨਾਂਹ ਕਰਨ ਦੀ ਥਾਂ ਉਹਨਾਂ ਦੀ ਸੁਰੱਖਿਆ ਨੂੰ ਖ਼ਤਰੇ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਚੁੱਕੇ।
ਸਿੱਖ ਜੱਥੇ ਨੂੰ ਰਵਾਨਗੀ ਤੋਂ ਇਕ ਦਿਨ ਪਹਿਲਾਂ ਹੀ ਆਗਿਆ ਦੇਣ ਤੋਂ ਨਾਂਹ ਕਰਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਸਿੱਖ ਸੰਗਤ ਵਿਚ ਗਲਤ ਸੰਦੇਸ਼ ਦਿੱਤਾ ਹੈ ਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੁੰ ਵੀ ਸੱਟ ਵੱਜੀ ਹੈ।
ਡਾ. ਚੀਮਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 600 ਸਿੱਖਾਂ ਦੇ ਜੱਥੇ ਨੂੰ ਵੀਜ਼ਾ ਜਾਰੀ ਹੋਣ ਤੋਂ ਬਾਅਦ ਜਾਣ ਦੀ ਆਗਿਆ ਦੇਣ ਤੋਂ ਨਾਂਹ ਕਰਨ ਦੇ ਦੱਸੇ ਕਾਰਨ ਵੀ ਹੈਰਾਨੀਜਨਕ ਹਨ। ਉਹਨਾਂ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਅਜਿਹੇ ਕਿਹੜੇ ਕਾਰਨ ਦਿਨਾਂ ਵਿਚ ਹੀ ਆ ਗਏ। ਜੇਕਰ ਕੇਂਦਰ ਸਰਕਾਰ ਕੋਲ ਪਾਕਿਸਤਾਨ ਜਾ ਰਹੇ ਸ਼ਰਧਾਲੂਆਂ ਦੀ ਜਾਨ ਨੂੰ ਖ਼ਤਰੇ ਬਾਰੇ ਕੋਈ ਰਿਪੋਰਟ ਹੈ ਤਾਂ ਇਸਨੁੰ ਇਸ ਬਾਰੇ ਤੁਰੰਤ ਹੈਰਾਨੀਜਨਕ ਪ੍ਰਤੀਕਰਮ ਦੇਣ ਦੀ ਥਾਂ ਪਾਕਿਸਤਾਨ ਵਿਚ ਹਮਰੁਤਬਾ ਨਾਲ ਇਹ ਮੁੱਦਾ ਚੁੱਕਣਾ ਚਾਹੀਦਾ ਸੀ।
ਡਾ. ਚੀਮਾ ਨੇ ਕਿਹਾ ਕਿ ਸ਼ਰਧਾਲੂਆਂ ਨੁੰ ਕੋਰੋਨਾ ਦੇ ਕਾਰਨ ਸਿਹਤ ਨੁੰ ਖ਼ਤਰੇ ਨੂੰ ਵੇਖਦਿਆਂ ਆਗਿਆ ਦੇਣ ਤੋਂ ਨਾਂਹ ਕਰਨਾ ਵੀ ਬੇਤੁਕਾ ਕਿਉਂਕਿ ਪਿਛਲੇ ਸਾਲ ਨਵੰਬਰ ਵਿਚ ਜੱਥੇ ਨੁੰ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ ਜਦੋਂ ਮਹਾਮਾਰੀ ਦੇ ਹਾਲਾਤ ਹੋਰ ਵੀ ਗੰਭੀਰ ਸਨ। ਉਹਨਾਂ ਕਿਹਾ ਕਿ ਇਸ ਵੇਲੇ ਤਾਂ ਸਫਰ ਦੀਆਂ ਰੋਕਾਂ ਵੀ ਹੋਰ ਸਖ਼ਤ ਕਰਨ ਦੀ ਥਾਂ ਹਟਾ ਦਿੱਤੀਆਂ ਗਈਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਵਾਸਤੇ ਬੰਦ ਕੀਤਾ ਗਿਆ ਤੇ ਹੁਣ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੁੰ ਵੱਡੀ ਸੱਟ ਵੱਜੀ ਹੈ ਤੇ ਭਾਈਚਾਰਾ ਮਹਿਸੂਸ ਕਰਦਾ ਹੈ ਕਿ ਸ਼ਰਧਾਲੂਆਂ ਨੁੰ ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਵਾਸਤੇ ਸੌਖਿਆਂ ਜਾ ਕੇ ਦਰਸ਼ਨ ਕਰਵਾਉਣ ਦੀ ਯੋਜਨਾ ਬਣਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।