ਚੰਡੀਗੜ੍ਹ, 23 ਅਕਤੂਬਰ 2025 – ਪੰਜਾਬ ਸਰਕਾਰ ਵੱਲੋਂ 2 ਸੀਨੀਅਰ ਆਈਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਆਈਪੀਐਸ ਅਧਿਕਾਰੀ ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਥਾਂ ‘ਤੇ ਹਨ, ਜੋ ਇਸ ਸਮੇਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਸਨ। ਆਈਪੀਐਸ ਨਾਨਕ ਸਿੰਘ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਸੇਵਾ ਨਿਭਾ ਚੁੱਕੇ ਹਨ। ਸੰਦੀਪ ਗੋਇਲ ਨੂੰ ਬਾਰਡਰ ਰੇਂਜ ਅੰਮ੍ਰਿਤਸਰ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਮੁਅੱਤਲ ਕਰ ਦਿੱਤਾ ਗਿਆ ਸੀ। 16 ਅਕਤੂਬਰ ਨੂੰ, ਸੀਬੀਆਈ ਨੇ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਭੁੱਲਰ ਦੇ ਘਰ ਦੀ ਤਲਾਸ਼ੀ ਦੌਰਾਨ, ਜਾਂਚ ਏਜੰਸੀ ਨੂੰ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, 24 ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਲਗਭਗ 50 ਜਾਇਦਾਦ ਦੇ ਦਸਤਾਵੇਜ਼ ਮਿਲੇ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੇਨਾਮੀ ਜਾਇਦਾਦਾਂ ਹਨ।
ਭੁੱਲਰ ਨੇ ਆਪਣੀ ਆਮਦਨ ਕਰ ਰਿਟਰਨ ਵਿੱਚ 18 ਕਰੋੜ ਰੁਪਏ ਦੀ ਸਾਲਾਨਾ ਜਾਇਦਾਦ ਦਿਖਾਈ ਹੈ। ਹੁਣ ਸੀਬੀਆਈ ਉਸਦੀ ਘੋਸ਼ਿਤ ਜਾਇਦਾਦ ਅਤੇ ਉਸਦੇ ਘਰ ਤੋਂ ਮਿਲੇ ਦਸਤਾਵੇਜ਼ਾਂ ਦਾ ਮੇਲ ਕਰ ਰਹੀ ਹੈ। ਜੇਕਰ ਇਸ ਵਿੱਚ ਕੋਈ ਅੰਤਰ ਪਾਇਆ ਜਾਂਦਾ ਹੈ, ਤਾਂ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣਾ ਯਕੀਨੀ ਹੈ। ਈਡੀ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ। ਫਾਰਮ ਹਾਊਸ ਅਤੇ ਘਰ ਤੋਂ ਵਿਦੇਸ਼ੀ ਸ਼ਰਾਬ ਦੀ ਬਰਾਮਦਗੀ ਤੋਂ ਬਾਅਦ, ਆਬਕਾਰੀ ਐਕਟ ਦੇ ਤਹਿਤ ਇੱਕ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

