ਨਵੀਂ ਦਿੱਲੀ, 25 ਅਕਤੂਬਰ 2025 – ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਵਨਡੇ ਸੀਰੀਜ਼ ਦਾ ਤੀਜਾ ਮੈਚ ਸਿਡਨੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਲਗਾਤਾਰ 18ਵੇਂ ਵਨਡੇ ਮੈਚ ਵਿਚ ਟਾਸ ਹਾਰਿਆ ਹੈ। ਆਸਟ੍ਰੇਲੀਆ ਪਹਿਲਾਂ ਬੱਲੇਬਾਜ਼ੀ ਕੀਤੀ। ਪਰ ਭਾਰਤ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ 46.4 ਓਵਰਾਂ ਵਿੱਚ ਆਸਟ੍ਰੇਲੀਆ ਨੂੰ 236 ਦੌੜਾਂ ‘ਤੇ ਆਲ-ਆਊਟ ਕਰ ਦਿੱਤਾ ਹੈ। ਆਸਟ੍ਰੇਲੀਆ ਨੇ ਭਾਰਤ ਨੂੰ 237 ਦੌੜਾਂ ਦਾ ਟੀਚਾ ਦਿੱਤਾ ਹੈ।
ਪ੍ਰਸਿਧ ਕ੍ਰਿਸ਼ਨਾ ਨੇ ਨਾਥਨ ਐਲਿਸ (16 ਦੌੜਾਂ) ਨੂੰ ਕੈਚ ਕਰਵਾਇਆ, ਜਦੋਂ ਕਿ ਕੁਲਦੀਪ ਯਾਦਵ ਨੇ ਮਿਸ਼ੇਲ ਸਟਾਰਕ (2 ਦੌੜਾਂ) ਨੂੰ ਬੋਲਡ ਕੀਤਾ। ਹਰਸ਼ਿਤ ਰਾਣਾ ਨੇ ਮਿਸ਼ੇਲ ਓਵਨ (1 ਦੌੜ) ਅਤੇ ਵਿਕਟਕੀਪਰ ਐਲੇਕਸ ਕੈਰੀ (24 ਦੌੜਾਂ) ਨੂੰ ਕੈਚ ਆਊਟ ਕਰਵਾਇਆ। ਵਾਸ਼ਿੰਗਟਨ ਸੁੰਦਰ ਨੇ ਮੈਟ ਰੇਨਸ਼ਾ (56 ਦੌੜਾਂ) ਅਤੇ ਮੈਥਿਊ ਸ਼ਾਰਟ (30 ਦੌੜਾਂ) ਦੀਆਂ ਵਿਕਟਾਂ ਲਈਆਂ। ਕਪਤਾਨ ਮਿਸ਼ੇਲ ਮਾਰਸ਼ (41 ਦੌੜਾਂ) ਨੂੰ ਅਕਸ਼ਰ ਪਟੇਲ ਨੇ ਬੋਲਡ ਕੀਤਾ, ਜਦੋਂ ਕਿ ਟ੍ਰੈਵਿਸ ਹੈੱਡ (29 ਦੌੜਾਂ) ਨੂੰ ਮੁਹੰਮਦ ਸਿਰਾਜ ਨੇ ਕੈਚ ਕਰਵਾਇਆ।
ਭਾਰਤੀ ਟੀਮ ਪਰਥ ਵਿੱਚ ਲੜੀ ਦਾ ਪਹਿਲਾ ਇੱਕ ਰੋਜ਼ਾ ਮੈਚ DLS ਵਿਧੀ ਦੇ ਤਹਿਤ 7 ਵਿਕਟਾਂ ਨਾਲ ਹਾਰ ਗਈ ਸੀ। ਐਡੀਲੇਡ ਇੱਕ ਰੋਜ਼ਾ ਵਿੱਚ, ਉਸਨੂੰ ਮੇਜ਼ਬਾਨ ਟੀਮ ਨੇ 2 ਵਿਕਟਾਂ ਨਾਲ ਹਰਾਇਆ ਸੀ। ਹੁਣ, ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਆਪਣਾ ਮਾਣ ਬਚਾਉਣ ਦੀ ਕੋਸ਼ਿਸ਼ ਕਰੇਗੀ।


