ਮਾਨਸਾ, 25 ਅਕਤੂਬਰ 2025 – ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਦੇ ਇੱਕ ਪਿੰਡ ਅਕਬਰਪੁਰ ਕੁਡਾਲ ‘ਚ ਪਤੀ-ਪਤਨੀ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਹੀ 3 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਤੀ-ਪਤਨੀ ਚਿੱਟੇ ਦੇ ਆਦੀ ਹਨ। ਪਰ ਹੁਣ ਮਾਂ ਵੱਲੋਂ ਆਪਣੇ ਬੱਚੇ ਨੂੰ ਵਾਪਸ ਲੈਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਉੱਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਬੱਚੇ ਦੇ ਮਾਂ-ਪਿਓ ਅਤੇ ਬੱਚਾ ਲੈਣ ਵਾਲਿਆਂ ਸਮੇਤ ਕੁੱਲ 4 ਲੋਕਾਂ ‘ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਨੂੰ ਚਾਈਲਡ ਕੇਅਰ ਹੋਮ ‘ਚ ਭੇਜ ਦਿੱਤਾ ਹੈ।
ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਬਰੇਟਾ ਪੁਲਿਸ ਦਾ ਕਹਿਣਾ ਹੈ ਕਿ ਬੁਢਲਾਡਾ ਦੇ ਇੱਕ ਪਰਿਵਾਰ ਵੱਲੋਂ ਇਸ ਮਾਮਲੇ ‘ਚ ਬੱਚੇ ਨੂੰ ਗੋਦ ਲਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉੱਥੇ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬੱਚੇ ਦੇ ਮਾਂ-ਪਿਓ ਵੱਲੋਂ ਬੱਚੇ ਨੂੰ 1 ਲੱਖ 80 ਹਜ਼ਾਰ ਰੁਪਏ ’ਚ ਵੇਚ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਦੇ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਪੁਲਿਸ ਅਨੁਸਾਰ ਉਹ ਬੱਚੇ ਨੂੰ ਵੇਚਣ ਜਾਂ ਗੋਦ ਦਿੱਤੇ ਜਾਣ ਦੋਵਾਂ ਗੱਲਾਂ ਦੀ ਪੜਤਾਲ ਕਰ ਰਹੇ ਹਨ।
ਬੱਚੇ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਨਸ਼ੇ ਦੀ ਆਦਤ ਤੋਂ ਪ੍ਰਭਾਵਿਤ ਉਸਦੇ ਪਤੀ ਅਤੇ ਸੱਸ ਨੇ ਉਸ ਦੇ 3 ਮਹੀਨੇ ਦੇ ਬੱਚੇ ਨੂੰ 1.80 ਲੱਖ ਰੁਪਏ ਵਿੱਚ ਵੇਚ ਦਿੱਤਾ। ਔਰਤ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਸਨੇ ਆਪਣੇ ਬੱਚੇ ਦੀ ਵਾਪਸੀ ਦੀ ਅਪੀਲ ਕੀਤੀ ਹੈ। ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਪਰ ਉਹ ਬੱਚੇ ਦੀ ਵਿਕਰੀ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦੇ ਮਾਪੇ ਨਸ਼ੇੜੀ ਹਨ ਅਤੇ ਪਹਿਲਾਂ ਪੁਲਿਸ ਦੁਆਰਾ ਉਨ੍ਹਾਂ ਦਾ ਇਲਾਜ ਕੀਤਾ ਗਿਆ ਸੀ।
ਉਸਨੇ ਦੱਸਿਆ ਕਿ ਬੱਚੇ ਨੂੰ ਇਸ ਪਰਿਵਾਰ ਨੇ ਕਿਸੇ ਹੋਰ ਪਰਿਵਾਰ ਨੂੰ ਗੋਦ ਲੈਣ ਲਈ ਦਿੱਤਾ ਹੈ, ਜਿਸ ਲਈ ਗੋਦ ਲੈਣ ਵਾਲੇ ਪਰਿਵਾਰ ਨੇ ਲਿਖਤੀ ਇਜਾਜ਼ਤ ਲਈ ਹੈ। ਉਸਨੇ ਦੱਸਿਆ ਕਿ ਬੱਚਾ ਪਹਿਲਾਂ ਬਿਮਾਰ ਸੀ ਅਤੇ ਗੋਦ ਲੈਣ ਵਾਲੇ ਪਰਿਵਾਰ ਨੇ ਉਸਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਸੀ।
ਬੱਚੇ ਨੂੰ ਗੋਦ ਲੈਣ ਵਾਲੇ ਗੰਗਾ ਰਾਮ ਅਤੇ ਜੋਤੀ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਨਸ਼ੇੜੀ ਸਨ ਜੋ ਬੱਚਿਆਂ ਨੂੰ ਇਹ ਕਹਿ ਕੇ ਮੰਦਰ ਲੈ ਕੇ ਆਏ ਸਨ ਕਿ ਉਹ ਉਨ੍ਹਾਂ ਨੂੰ ਪਾਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੱਚੇ ਨੂੰ ਗੋਦ ਲਿਆ ਸੀ ਅਤੇ ਉਨ੍ਹਾਂ ਕੋਲ ਬੱਚੇ ਦੀਆਂ ਵੀਡੀਓ ਅਤੇ ਫੋਟੋਆਂ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਰੀਦਿਆ ਨਹੀਂ ਗਿਆ ਸੀ, ਸਗੋਂ ਉਨ੍ਹਾਂ ਦੀ ਪਰਵਰਿਸ਼ ਲਈ ਲਿਆ ਗਿਆ ਸੀ, ਕਿਉਂਕਿ ਉਨ੍ਹਾਂ ਦੀਆਂ ਪਹਿਲਾਂ ਹੀ ਤਿੰਨ ਧੀਆਂ ਸਨ।


