ਨਵੀਂ ਦਿੱਲੀ, 28 ਅਕਤੂਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2028 ਵਿੱਚ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਇੱਕ ਮੀਡੀਆ ਗੱਲਬਾਤ ਦੌਰਾਨ, ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਤੀਜਾ ਕਾਰਜਕਾਲ ਚਾਹੁੰਦੇ ਹਨ। ਜਿਸ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ, “ਮੈਨੂੰ ਪਸੰਦ ਆਵੇਗਾ, ਮੇਰੇ ਕੋਲ ਹੁਣ ਤੱਕ ਦੇ ਸਭ ਤੋਂ ਵਧੀਆ ਅੰਕੜੇ ਹਨ।”
“ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਉਸਨੇ ਅਜੇ ਤੱਕ ਇਸ ‘ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਹੈ।” ਉਸਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਸੰਭਾਵੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਵਜੋਂ ਨਾਮਜ਼ਦ ਕੀਤਾ ਅਤੇ ਦੋਵਾਂ ਦੀ ਪ੍ਰਸ਼ੰਸਾ ਕੀਤੀ।
ਟਰੰਪ ਦੇ ਨਜ਼ਦੀਕੀ ਸਹਿਯੋਗੀ, ਸਟੀਵ ਬੈਨਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਕਿ ਟਰੰਪ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਅਮਰੀਕੀ ਸੰਵਿਧਾਨ ਸਿਰਫ ਦੋ ਕਾਰਜਕਾਲਾਂ ਦੀ ਆਗਿਆ ਦਿੰਦਾ ਹੈ।
ਟਰੰਪ ਇਸ ਸਮੇਂ ਏਸ਼ੀਆ ਦੇ ਦੌਰੇ ‘ਤੇ ਹਨ। ਮਲੇਸ਼ੀਆ ਵਿੱਚ ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਹ ਹੁਣ ਜਾਪਾਨ ਪਹੁੰਚੇ ਹਨ। ਮਲੇਸ਼ੀਆ ਵਿੱਚ, ਉਸਨੇ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਇੱਕ ਸ਼ਾਂਤੀ ਸਮਝੌਤੇ ਅਤੇ ਵੱਡੇ ਵਪਾਰਕ ਸੌਦਿਆਂ ‘ਤੇ ਦਸਤਖਤ ਕੀਤੇ।


