- ਐਮ ਪਰਿਵਾਹਨ ਅਤੇ ਡਿਜੀਲਾਕਰ ਉੱਤੇ ਡਾਊਨਲੋਡ ਕੀਤੇ ਦਸਤਾਵੇਜ਼ਾਂ ਨੂੰ ਚੈਕਿੰਗ ਦੌਰਾਨ ਦਿਖਾਇਆ ਜਾ ਸਕਦਾ ਹੈ
ਚੰਡੀਗੜ੍ਹ, 20 ਫਰਵਰੀ 2021 – ਸੂਬੇ ਵਿਚ ਹੁਣ ਵਾਹਨ ਮਾਲਕ ਆਪਣੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਦੀਆਂ ਡਿਜੀਟਲ ਕਾਪੀਆਂ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ ਡੀ.ਐਲ. ਅਤੇ ਆਰ.ਸੀ. ਦੇ ਇਲੈਕਟ੍ਰਾਨਿਕ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਜੇਕਰ ਟ੍ਰੈਫਿਕ ਪੁਲਿਸ ਅਤੇ ਆਰਟੀਓਜ਼ ਚੈਕਿੰਗ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਮੰਗ ਕਰਦੇ ਹਨ ਤਾਂ ਮੋਬਾਈਲ ਐਪਸ- ਐਮਪਰਿਵਾਹਨ ਅਤੇ ਡਿਜੀਲਾਕਰ ਜ਼ਰੀਏ ਡਾਊਨਲੋਡ ਕਰਕੇ ਇਹ ਦਸਤਾਵੇਜ਼ ਦਿਖਾਏ ਜਾ ਸਕਦੇ ਹਨ। ਇਸ ਨਾਲ ਵਾਹਨ ਮਾਲਕਾਂ ਨੂੰ ਦਸਤੀ ਰੂਪ ਵਿੱਚ ਇਹ ਦਸਤਾਵੇਜ਼ ਜਾਂ ਪਲਾਸਟਿਕ ਕਾਰਡ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਰਾਜ ਖੇਤਰੀ ਟਰਾਂਸਪੋਰਟ ਅਥਾਰਟੀਆਂ ਦੇ ਸਮੂਹ ਸਕੱਤਰਾਂ /ਐਸਡੀਐਮਜ਼ ਅਤੇ ਏਡੀਜੀਪੀ ਟਰੈਫਿਕ ਨੂੰ ਪੁਲਿਸ ਵਿਭਾਗ ਦੇ ਚੈਕਿੰਗ ਸਟਾਫ ਨੂੰ ਜਾਗਰੂਕ ਕਰਨ ਲਈ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਮੌਕੇ ‘ਤੇ ਵੈਰੀਫਿਕੇਸ਼ਨ ਦੌਰਾਨ ਸਮਾਰਟਫੋਨਜ਼ ਵਿੱਚ “ਵਰਚੁਅਲ” ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਵੈਧ ਮੰਨਿਆ ਜਾਵੇ।
ਰਜ਼ੀਆ ਸੁਲਤਾਨਾ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਵਰਚੁਅਲ’ ਡੀਐਲ ਅਤੇ ਆਰਸੀ ਦੀ ਮਨਜ਼ੂਰੀ ਸੰਬੰਧੀ ਜਾਣਕਾਰੀ ਸੂਬੇ ਦੇ ਟਰਾਂਸਪੋਰਟ ਦਫਤਰਾਂ ਦੇ ਨੋਟਿਸ ਬੋਰਡਾਂ ‘ਤੇ ਲਗਾਈ ਜਾਵੇ। ਉਹਨਾਂ ਕਿਹਾ ਕਿ ਡਿਜ਼ੀਟਲ ਪੰਜਾਬ ਮੁਹਿੰਮ ਨੂੰ ਅਮਲ ਵਿੱਚ ਲਿਆਉਣ ਦੇ ਨਾਲ ਹੀ ਇਹ ਪ੍ਰਣਾਲੀ ਭ੍ਰਿਸ਼ਟਾਚਾਰ ਨੂੰ ਵੀ ਖ਼ਤਮ ਕਰੇਗੀ ਅਤੇ ਡੀ.ਐਲ. ਅਤੇ ਆਰ.ਸੀ. ਦੀ ਹਾਰਡ ਕਾਪੀ ਉਪਲਬਧ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਭਾਰੀ ਜੁਰਮਾਨਿਆਂ ਤੋਂ ਬਚਣ ਵਿਚ ਸਹਾਇਕ ਹੋਵੇਗੀ।
ਰਾਜ ਟਰਾਂਸਪੋਰਟ ਕਮਿਸ਼ਨਰ ਡਾ. ਅਮਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਆਪਣਾ ਡਰਾਈਵਿੰਗ ਲਾਇਸੈਂਸ / ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਘਰ ਭੁੱਲ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਜਾਂ ਪ੍ਰਿੰਟਿਡ ਸਮਾਰਟ ਚਿੱਪ ਵਾਲੇ ਡੀ.ਐਲ. ਜਾਂ ਆਰ.ਸੀ. ਦੀ ਡਿਲੀਵਰੀ ਨਾ ਹੋਣ ਦੀ ਸੂਰਤ ਵਿਚ, ਉਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਉਹ ਸਿਰਫ ਡਿਜੀਲਾਕਰ ਜਾਂ ਐਮਪਰਿਵਾਹਨ ਐਪ ਨੂੰ ਡਾਊਨਲੋਡ ਕਰਕੇ ਆਪਣੇ ਵਰਚੁਅਲ ਡੀਐਲ ਜਾਂ ਆਰਸੀ ਨੂੰ ਆਪਣੇ ਮੋਬਾਇਲ ਵਿਚ ਰੱਖ ਸਕਦਾ ਹੈ। ਇਹ ਹੁਣ ਪੂਰੀ ਤਰ੍ਹਾਂ ਵੈਧ ਹੈ ਅਤੇ ਚੈਕਿੰਗ ਸਮੇਂ ਦਿਖਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਦੋਂ ਬਿਨੈਕਾਰ ਦੀ ਆਰਸੀ ਜਾਂ ਡੀਐਲ ਨੂੰ ਰਜਿਸਟਰਡ ਅਤੇ ਲਾਇਸੈਂਸੀ ਅਥਾਰਟੀ ਵਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਪ੍ਰਵਾਨਗੀ ਸਬੰਧੀ ਸੰਦੇਸ਼ ਉਸ ਦੇ ਫੋਨ ‘ਤੇ ਆਉਂਦਾ ਹੈ ਅਤੇ ਫਿਰ ਇਹ ਦਸਤਾਵੇਜ਼ ਐਪ ਵਿਚੋਂ ਡਾਊਨਲੋਡ ਕੀਤੇ ਜਾ ਸਕਦੇ ਹਨ।