ਸੰਜੇ ਸਿੰਘ ਨੂੰ ਮਾਣਹਾਨੀ ਵਿਚ ਸ਼ਾਮਲ ਹੋਣ ਦੀ ਸਜ਼ਾ ਤੋਂ ਭੱਜਣ ਨਹੀਂ ਦਿਆਂਗੇ : ਮਜੀਠੀਆ

  • ਕਿਹਾ ਕਿ ਸੰਜੇ ਸਿੰਘ ਅਦਾਲਤ ਦੀ ਚੇਤਾਵਨੀ ਦੇ ਬਾਵਜੂਦ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣ ਤੋਂ ਭੱਜ ਰਹੇ ਹਨ

ਲੁਧਿਆਣਾ, 25 ਫਰਵਰੀ 2021 – ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਐਮ ਪੀ ਸੰਜੇ ਸਿੰਘ ਨੂੰ ਮਾਣਹਾਨੀ ਕਰਨ ਦੇ ਮਾਮਲੇ ਵਿਚ ਸਜ਼ਾ ਤੋਂ ਭੱਜਣ ਨਹੀਂ ਦੇਣਗੇ ਤੇ ਉਹਨਾਂ ਦੱਸਿਆ ਕਿ ਕਿਵੇਂ ਅਦਾਲਤ ਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਆਪ ਦੇ ਆਗੂ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣ ਤੋਂ ਭੱਜ ਰਹੇ ਹਨ।

ਇਥੇ ਅੱਜ ਅਦਾਲਤ ਦੀ ਸੁਣਵਾਈ, ਜਿਸ ਵਿਚ ਸੰਜੇ ਸਿੰਘ ਮਾਮਲਾ ਲਟਕਾਉਣ ਦਾ ਯਤਨ ਕਰ ਰਹੇ ਹਨ, ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਜਨਵਰੀ 2016 ਵਿਚ ਸੰਜੇ ਸਿੰਘ ਦੇ ਖਿਲਾਫ ਇਹ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ ਕਿ ਕਿਉਂਕਿ ਉਹਨਾਂ ਨੇ ਬਿਨਾਂ ਆਧਾਰ ਉਹਨਾਂ ਦੀ ਬਦਨਾਮੀ ਕਰਨ ਤੇ ਉਹਨਾਂ ਦਾ ਅਕਸ ਵਿਗਾੜਨ ਦਾ ਯਤਨ ਕੀਤਾ ਸੀ। ਉਹਨਾਂ ਕਿਹਾ ਕਿ ਪੰਜ ਸਾਲ ਬੀਤ ਚੁੱਕੇ ਹਨ ਅਤੇ ਆਪ ਆਗੂ ਨੇ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਪਹੁੰਚ ਕਰ ਕੇ ਉਹਨਾਂ ਖਿਲਾਫ ਲੁਧਿਆਣਾ ਦਾ ਕੇਸ ਖਾਰਜ ਕਰਵਾਉਣ ਸਮੇਤ ਕੇਸ ਲਟਕਾਉਣ ਲਈ ਹਰ ਹਰਬਾ ਵਰਤਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਦੋਵੇਂ ਅਪੀਲਾਂ ਰੱਦ ਹੋ ਚੁੱਕੀਆਂ ਹਨ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੰਜੇ ਸਿੰਘ ਨੂੰ ਭੱਜਣ ਨਹੀਂ ਦੇਣਗੇ। ਉਹਨਾਂ ਕਿਹਾ ਕਿ ਉਹ ਰੱਬ ਤੋਂ ਡਰਨ ਵਾਲੇ ਸੱਚ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਸੰਜੇ ਸਿੰਘ ਅਦਾਲਤ ਵਿਚ ਆਪਣੇ ਝੂਠ ਨੂੰ ਸਹੀ ਸਾਬਤ ਕਰਨ ਵਿਚ ਅਸਫਲ ਰਹਿਣ ਮਗਰੋਂ ਜੇਲ੍ਹ ਜ਼ਰੂਰ ਜਾਣਗੇ।

ਇਕ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਪ ਦੇ ਆਗੂ ਸਵਾਲ ਜਵਾਬ (ਕਰਾਸ ਐਗਜ਼ਾਮੀਨੇਸ਼ਨ) ਤੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਅਦਾਲਤ ਨੇ ਆਪ ਆਗੂ ਨੁੰ ਉਹਨਾਂ ਤੋਂ ਪੁੱਛ ਗਿੱਛ ਲਈ ਤਿੰਨ ਮੌਕੇ ਬਖ਼ਸ਼ੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਜਾਣ ਬੁੱਝ ਕੇ ਸਵਾਲ ਜਵਾਬ ਨਹੀਂ ਕੀਤੇ ਜਿਸ ਕਾਰਨ ਅਦਾਲਤ ਨੇ ਹੁਕਮ ਦੇ ਦਿੱਤਾ ਸੀ ਕਿ ਸੰਜੇ ਸਿੰਘ ਨੇ ਭਵਿੱਖ ਵਿਚ ਉਹਨਾਂ ਤੋਂ ਪੁੱਛ ਗਿੱਛ ਦਾ ਹੱਕ ਗੁਆ ਲਿਆ ਹੈ।

ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਆਗੂ ਜਾਣਦੇ ਹਨ ਕਿ ਹੁਣ ਉਹਨਾਂ ਦੇ ਦੁਆਲੇ ਘੇਰਾ ਤੰਗ ਹੋ ਰਿਹਾ ਹੈ ਤੇ ਉਹ ਜਾਣ ਬੁੱਝ ਕੇ ਅਦਾਲਤੀ ਕਾਰਵਾਈ ਲਟਕਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਹੋਰ ਯਤਨਾਂ ਵਾਂਗ ਇਹ ਯਤਨ ਵੀ ਫੇਲ੍ਹ ਹੋਵੇਗਾ ਤੇ ਉਹਨਾਂ ਨੂੰ ਕੇਸ ਵਿਚ ਮਿਸਾਲੀ ਸਜ਼ਾ ਦਿੱਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਪਛਾਣ ਕਾਰਡ ਬਣਾਉਣ ਵਿੱਚ ਪੰਜਾਬ ਨੂੰ ਮਿਲਿਆ ਸੱਤਵਾਂ ਸਥਾਨ: ਅਰੁਨਾ ਚੌਧਰੀ

ਪੀ.ਐਸ.ਸੀ.ਐਸ.ਟੀ ਵਲੋਂ ‘ਜਲਵਾਯੂ ਸਥਿਰਤਾ ਲਈ ਨਵੀਆਂ ਤਕਨੀਕਾਂ’ ਵਿਸ਼ੇ `ਤੇ ਵੈਬੀਨਾਰ