ਪੀ.ਐਸ.ਸੀ.ਐਸ.ਟੀ ਵਲੋਂ ‘ਜਲਵਾਯੂ ਸਥਿਰਤਾ ਲਈ ਨਵੀਆਂ ਤਕਨੀਕਾਂ’ ਵਿਸ਼ੇ `ਤੇ ਵੈਬੀਨਾਰ

ਚੰਡੀਗੜ੍ਹ, 25 ਫਰਵਰੀ 2021 – ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਅੱਜ ਇਥੇ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਜਲਵਾਯੂ ਸਥਿਰਤਾ ਲਈ ਨਵੀਨਤਮ ਤਕਨੀਕਾਂ’ ਵਿਸ਼ੇ ‘ਤੇ ਇੱਕ ਵੈਬੀਨਾਰ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਦੌਰਾਨ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀ ਐਂਡਰਿਊ ਆਯਰ ਨੇ ਭਾਗੀਦਾਰਾਂ ਨੂੰ ਸੀ.ਓ.ਪੀ-26 ਅਤੇ ਇੰਗਲੈਂਡ ਦੀ ਪ੍ਰੈਜ਼ੀਡੈਂਸੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਆਉਣ ਵਾਲੀ ਸੀ.ਓ.ਪੀ ਪ੍ਰੈਜ਼ੀਡੈਂਸੀ ਨਾਲ, ਇੰਗਲੈਂਡ ਦੀ ਸਰਕਾਰ ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਯਤਨ ਜਾਰੀ ਰੱਖੇਗੀ, ਜਿਸ ਵਿਚ ਆਲਮੀ ਤਪਸ ਨੂੰ ਘੱਟ ਕਰਨ ਅਤੇ ਸਹਿਯੋਗ ਤੇ ਸਹਾਇਤਾ ਨਾਲ ਸਥਿਰਤਾ ਵਧਾਉਣ ਲਈ ਸਥਾਨਕ ਪੱਧਰ `ਤੇ ਵਧੇਰੇ ਗਤੀਵਿਧੀਆਂ ਅਤੇ ਪ੍ਰੋਗਰਾਮ ਕਰਵਾਉਣਾ ਸ਼ਾਮਿਲ ਹੈ।

ਇਹ ਵੈਬੀਨਾਰ ਪੀ.ਐਸ.ਸੀ.ਐਸ.ਟੀ ਵਲੋਂ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨਾਲ ਜਲਵਾਯੂ ਪਰਿਵਰਤਨ ਪ੍ਰਤੀ ਸਥਿਰਤਾ ਲਿਆਉਣ ਲਈ ਸਮਰੱਥਾ ਨਿਰਮਾਣ ਸਬੰਧੀ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ / ਵੈਬੀਨਾਰਾਂ ਦੀ ਲੜੀ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ। ਇੰਗਲੈਂਡ ਗਲਾਸਗੋ ਵਿਖੇ ਨਵੰਬਰ-2021 ਵਿਚ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂ.ਐੱਨ.ਐੱਫ. ਸੀ. ਸੀ.ਸੀ) ਦੀ ਕਾਨਫਰੰਸ ਆਫ਼ ਪਾਰਟੀਜ਼ (ਸੀ.ਓ.ਪੀ) ਦੇ 26ਵੇਂ ਸੈਸ਼ਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਨਾਬਾਰਡ ਦੇ ਚੀਫ ਜਨਰਲ ਮੈਨੇਜਰ ਡਾ. ਰਾਜੀਵ ਸਿਵਾਚ ਨੇ ਪੇਂਡੂ ਵਿਕਾਸ ਵਿਚ ਆਈ.ਐਨ.ਡੀ.ਸੀ.ਜ਼ ਅਤੇ ਐਸ.ਡੀ.ਜੀ.ਜ਼ ਦੇ ਏਕੀਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਕਿਉਂਕਿ ਭਾਰਤ ਦੀ 60 ਫੀਸਦੀ ਤੋਂ ਵੱਧ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। ਉਹਨਾਂ ਨੇ ਇਕ ਅਜਿਹੇ ਵਾਤਾਵਰਨ ਦੇ ਨਿਰਮਾਣ ਵਿਚ ਨਾਬਾਰਡ ਦੀ ਭੂਮਿਕਾ `ਤੇ ਧਿਆਨ ਕੇਂਦ੍ਰਤ ਕੀਤਾ, ਜਿੱਥੇ ਪੇਂਡੂ ਭਾਈਚਾਰੇ ਨੂੰ ਵਿਕਾਸ ਪ੍ਰਕਿਰਿਆ ਵਿਚ ਹਿੱਸਾ ਲੈਣ ਅਤੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਯੋਗ ਬਣਾਇਆ।

ਗੈਸਟ ਆਫ਼ ਆਨਰ, ਡਾ. ਨਿਸ਼ਾ ਮਹਿੰਦੀਰਤਾ, ਸਲਾਹਕਾਰ / ਵਿਗਿਆਨੀ- ਜੀ ਜਲਵਾਯੂ ਤਬਦੀਲੀ ਪ੍ਰੋਗਰਾਮ (ਸੀ.ਸੀ.ਪੀ), ਡੀ.ਐਸ.ਟੀ, ਭਾਰਤ ਸਰਕਾਰ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਭਾਰਤ ਦੀਆਂ ਰਣਨੀਤੀਆਂ ਅਤੇ ਪਹਿਲਕਦਮਿਆਂ ਬਾਰੇ ਵਿਚਾਰ ਪੇਸ਼ ਕੀਤੇ।ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਡਾਇਰੈਕਟਰ, ਪੀ.ਐਸ.ਸੀ.ਐਸ.ਟੀ ਨੇ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਯੋਜਨਾਵਾਂ ਅਤੇ ਵਚਨਬੱਧਤਾ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਜਲਵਾਯੂ ਸਥਿਰਤਾ ਨੂੰ ਵਧਾਉਣ ਲਈ ਜਲਵਾਯੂ ਤਬਦੀਲੀ 2.0 ਬਾਰੇ ਸਟੇਟ ਐਕਸ਼ਨ ਪਲਾਨ ਸਬੰਧੀ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਤਕਨੀਕੀ ਸੈਸ਼ਨ ਦੀ ਸ਼ੁਰੂਆਤ ਦੌਰਾਨ, ਜਲਵਾਯੂ ਅਤੇ ਵਾਤਾਵਰਨ ਸਲਾਹਕਾਰ, ਯੂ.ਕੇ ਫੋਰਨ ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ ਡਾ. ਦਲਜੀਤ ਕੌਰ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਨਵੀਆਂ ਕਾਢਾਂ ਦੀ ਭੂਮਿਕਾ ਬਾਰੇ ਦੱਸਿਆ। ਡਾ.ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗਡਵਾਸੂ ਨੇ ‘ਕਿਸਾਨੀ ਰੋਜ਼ੀ-ਰੋਟੀ ਦੀ ਸਥਿਰਤਾ ਲਈ ਪਸ਼ੂਧਨ ਖੇਤਰ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ’ ਵਿਸ਼ੇ `ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਪ੍ਰੀਤਮ ਚੌਧਰੀ, ਆਈਸੀਆਈਸੀਆਈ ਲੋਂਬਾਰਡ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬੀਮਾ ਉਤਪਾਦ ਥਰਮਲ ਹੀਟ ਇੰਡੈਕਸ ਦੇ ਇਤਿਹਾਸਕ ਅੰਕੜਿਆਂ ਦੀ ਵਰਤੋਂ ਕਰਦਿਆਂ ਮੌਸਮੀ ਸਥਿਤੀਆਂ ਕਾਰਨ ਦੁੱਧ ਵਿਚ ਹੋਈ ਕਮੀ ਦੇ ਨੁਕਸਾਨ ਦੀ ਭਰਪਾਈ ਲਈ ਤਿਆਰ ਕੀਤਾ ਗਿਆ ਸੀ।

ਪ੍ਰੋਫੈਸਰ ਲੂਸੇਲੀਆ ਰੋਡਰਿਕਸ, ਯੂਨੀਵਰਸਿਟੀ ਆਫ ਨੌਟਿੰਘਮ, ਬ੍ਰਿਟੇਨ ਨੇ ਜਲਵਾਯੂ ਤਬਦੀਲੀ ਦੇ ਸੰਦਰਭ ਵਿੱਚ ਇਮਾਰਤਾਂ ਦੀਆਂ ਕਿਸਮਾਂ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਸਾਡੀਆਂ ਇਮਾਰਤਾਂ ਦੇ ਡਿਜ਼ਾਇਨ, ਨਿਰਮਾਣ ਦੇ ਢੰਗ ਤੇ ਮੁੜ ਵਿਚਾਰ ਕਰਨ ਦੀ ਲੋੜਤੇ ਜ਼ੋਰ ਦਿੱਤਾ ਤਾਂ ਜੋ ਉਹ ਨਾ ਸਿਰਫ ਟਿਕਾਊ ਰਹਿਣ ਬਲਕਿ ਬਦਲਦੀ ਜਲਵਾਯੂ ਦੇ ਪ੍ਰਭਾਵਾਂ ਨੂੰ ਸਹਿ ਸਕਣ। ਬਾਇਓਮਾਸ ਸਪਲਾਈ ਚੇਨ ਪ੍ਰਬੰਧਨ ਅਤੇ ਵਿਗਿਆਨਕ ਉਪਯੋਗਤਾ ਮਾਹਰ ਅਤੇ ਪੰਜਾਬ ਨਵ-ਨਵਿਆਉਣਯੋਗ ਊਰਜਾ ਸਿਸਟਮਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਲੈਫਟੀਨੈਂਟ ਕਰਨਲ ਮੋਨੀਸ਼ ਆਹੂਜਾ (ਆਰ.ਟੀ.ਡੀ.) ਨੇ ਜ਼ੀਰੋ ਨਿਕਾਸ ਨਾਲ ਲਾਭਦਾਇਕ ਉਤਪਾਦਾਂ ਦੇ ਉਤਪਾਦਨ ਲਈ ਵੱਖ ਵੱਖ ਐਪਲੀਕੇਸ਼ਨਾਂ ਵਿੱਚ ਬਾਇਓਮਾਸ ਦੀ ਭਾਰੀ ਵਰਤੋਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਜੇ ਸਿੰਘ ਨੂੰ ਮਾਣਹਾਨੀ ਵਿਚ ਸ਼ਾਮਲ ਹੋਣ ਦੀ ਸਜ਼ਾ ਤੋਂ ਭੱਜਣ ਨਹੀਂ ਦਿਆਂਗੇ : ਮਜੀਠੀਆ

ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨਾ ਚਿੰਤਾਜਨਕ, ਕੈਪਟਨ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ : ਹਰਪਾਲ ਚੀਮਾ