ਬਰਨਾਲਾ, 26 ਫਰਵਰੀ 2021 – ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨ ਅੰਦੋਲਨ ਜਾਰੀ ਹੈ। ਉਥੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਾ ਹੋਣ ਤੋਂ ਦੁਖ਼ੀ ਇੱਕ ਨੌਜਵਾਨ ਕਿਸਾਨ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮਿਰਤਕ ਨੌਜਵਾਨ ਸਤਵੰਤ ਸਿੰਘ ਬਰਨਾਲਾ ਜ਼ਿਲੇ ਦੇ ਪਿੰਡ ਜੈਮਲ ਸਿੰਘ ਵਾਲਾ ਦਾ ਰਹਿਣ ਵਾਲਾ ਸੀ। ਜੋ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਪਿੰਡ ਦੇ ਕਿਸਾਨਾਂ ਨਾਲ ਦਿੱਲੀ ਮੋਰਚੇ ਵਿੱਚ ਗਿਆ। ਜੋ ਇੱਕ ਦਿਨ ਪਹਿਲਾਂ ਹੀ ਪਿੰਡ ਵਾਪਸ ਪਰਤਿਆ ਸੀ। ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਮਿਰਤਕ ਦਿੱਲੀ ਮੋਰਚੇ ਤੋਂ ਦੁਖੀ ਹੋ ਕੇ ਪਿੰਡ ਆਇਆ ਸੀ। ਜਿਸਤੋਂ ਬਾਅਦ ਬੀਤੀ ਰਾਤ ਉਸ ਵਲੋਂ ਆਪਣੇ ਘਰ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਮਿਰਤਕ ਨੌਜਵਾਨ ਸਤਵੰਤ ਸਿੰਘ ਲੱਕੜੀ ਦਾ ਕੰਮ ਕਰਦਾ ਸੀ। ਕਿਸਾਨਾਂ ਦੇ ਦਿੱਲੀ ਵਿਖੇ ਚੱਲ ਰਹੇ ਧਰਨੇ ਦੌਰਾਨ ਪਿੰਡ ਜੈਮਲ ਸਿੰਘ ਵਾਲਾ ਤੋਂ ਲਗਾਤਾਰ ਕਿਸਾਨਾਂ ਦੇ ਕਾਫ਼ਲੇ ਦਿੱਲੀ ਜਾ ਰਹੇ ਹਨ। ਇਸੇ ਦੌਰਾਨ ਕੁੱਝ ਦਿਨ ਪਹਿਲਾਂ ਦੇ ਪਿੰਡ ਦੇ ਕਿਸਾਨਾਂ ਨਾਲ ਹੀ ਸਤਵੰਤ ਦਿੱਲੀ ਗਿਆ ਸੀ। ਜਿੱਥੇ ਕਿਸਾਨਾਂ ਦੀ ਕੇਂਦਰ ਸਰਕਾਰ ਵਲੋਂ ਹੋ ਰਹੀ ਦੁਰਦਸ਼ਾ ਤੋਂ ਉਹ ਨਿਰਾਸ਼ ਸੀ। ਬੀਤੀ ਰਾਤ ਮਿਰਤਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਕਿਸਾਨਾਂ ਦੀਆਂ ਗੱਲਾਂ ਕਰਦਾ ਰਿਹਾ।