ਖੇਡ ਮੰਤਰੀ ਪੰਜਾਬ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦਾ ਕੀਤਾ ਉਦਘਾਟਨ

  • ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਵੁਸ਼ੂ ਖਿਡਾਰੀਆਂ ਵਲੋਂ ਨਾਮਣਾ ਖੱਟਣ ‘ਤੇ ਕੀਤੀ ਸ਼ਲਾਘਾ
  • ਸਕੂਲਾਂ ਵਿਚ ਮਾਰਸ਼ਲ ਆਰਟ ਸਿਖਲਾਈ ਦੀ ਕੀਤੀ ਵਕਾਲਤ
  • ਕਿਹਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਸੂਬੇ ਵਿੱਚ ਸਪੋਰਟਸ ਸਾਇੰਸ, ਸਪੋਰਟਸ ਟੈਕਨਾਲੋਜੀ, ਸਪੋਰਟਸ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ
  • ਸੂਬੇ ਵਲੋਂ ਸਰੀਰਕ ਸਿਖਿਆ ਵਿਚ ਥੋੜੇ ਸਮੇਂ ਦੇ ਕੋਰਸਾਂ ਅਤੇ ਡਿਗਰੀ ਪ੍ਰੋਗਰਾਮਾਂ ਦੀ ਪੇਸ਼ਕਸ਼ ਲਈ ਇੰਗਲੈਂਡ ਦੀ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਜਾਵੇਗਾ ਸਹੀਬੱਦ

ਐਸ ਏ ਐਸ ਨਗਰ, 26 ਫਰਵਰੀ 2021 – 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੀ ਸ਼ੁਰੂਆਤ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੀਤੀ ਗਈ। ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡਾਂ, ਯੂਵਕ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜੀਡੈਂਟ ਭੁਪਿੰਦਰ ਸਿੰਘ ਬਾਜਪਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਪੰਜ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ’ਚ 28 ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ, ਸੀ.ਆਰ.ਪੀ.ਐਫ.,ਆਈ.ਟੀ.ਬੀ.ਪੀ, ਬੀ.ਐਸ.ਐਫ਼ ਅਤੇ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੀਆਂ 43 ਟੀਮਾਂ ਤੋਂ ਵੱਧ ਟੀਮਾਂ ਦੇ 1000 ਤੋਂ ਵੱਧ ਖਿਡਾਰੀ ਸ਼ਮੂਲੀਅਤ ਕਰਨਗੇ।
ਸੀਨੀਅਰ ਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ, “ਚੀਨ ਵਿਚ ਪੈਦਾ ਹੋਈ ਵੁਸ਼ੂ ਦੀ ਖੇਡ ਥੋੜੇ ਸਮੇਂ ਵਿੱਚ ਹੀ ਭਾਰਤ ਵਿੱਚ ਪ੍ਰਸਿੱਧ ਹੋ ਗਈ ਹੈ। ਸਾਨੂੰ ਮਾਣ ਹੈ ਕਿ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਵੁਸ਼ੂ ਨਾ ਸਿਰਫ਼ ਇੱਕ ਖੇਡ ਹੈ ਬਲਕਿ ਔਰਤਾਂ ਅਤੇ ਬੱਚਿਆਂ ਦੁਆਰਾ ਸਵੈ-ਰੱਖਿਆ ਦੇ ਸਾਧਨ ਵਜੋਂ ਵੀ ਲਾਹੇਮੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ, “ਇਹ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ ਕਿ ਮਹਿਲਾਵਾਂ ਅਤੇ ਖ਼ਾਸਕਰ ਬੱਚਿਆਂ ਨੂੰ ਸਕੂਲ ਪੱਧਰ ਤੋਂ ਸਵੈ-ਰੱਖਿਆ ਲਈ ਮਾਰਸ਼ਲ ਆਰਟ ਸਿੱਖਣਾ ਚਾਹੀਦਾ ਹੈ ਜੋ ਸਮਾਜ ਵਿੱਚ ਬੱਚਿਆਂ ਅਤੇ ਮਹਿਲਾਵਾਂ ਪ੍ਰਤੀ ਵੱਧ ਰਹੇ ਅਪਰਾਧਾਂ ਦੇ ਮਾਮਲਿਆਂ ਵਿੱਚ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ ।

ਪਟਿਆਲਾ ਵਿਖੇ ਬਣਾਈ ਜਾਣ ਵਾਲੀ ਪੰਜਾਬ ਸਪੋਰਟਸ ਯੂਨੀਵਰਸਿਟੀ ਸਬੰਧੀ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 500 ਕਰੋੜ ਰੁਪਏ ਦੇ ਕੁੱਲ ਬਜਟ ਵਿਚੋਂ ਸਾਲ 2020 ਵਿਚ ਅਕਾਦਮਿਕ, ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਹੋਸਟਲ ਬਲਾਕ ਦੀ ਸਥਾਪਨਾ ਲਈ 25 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਜਾਰੀ ਕੀਤੀ ਗਈ। ਆਉਣ ਵਾਲੇ ਬਜਟ ਵਿੱਚ ਹੋਰ ਵੱਡੀ ਰਾਸ਼ੀ ਅਲਾਟ ਕੀਤੀ ਜਾਵੇਗੀ ਜਿਸ ਨਾਲ ਕਾਰਜਾਂ ਵਿਚ ਤੇਜ਼ੀ ਆਵੇਗੀ। ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ, “ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਸੂਬੇ ਵਿੱਚ ਸਪੋਰਟਸ ਸਾਇੰਸ, ਸਪੋਰਟਸ ਟੈਕਨਾਲੋਜੀ, ਸਪੋਰਟਸ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ।” ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ’ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕਰਨ ਉਦੇਸ਼ ਨਾਲ ਸਰਕਾਰ ਵੱਲੋਂ ਇੰਗਲੈਂਡ ਦੀ ਲੋਬਰੋ ਯੂਨੀਵਰਸਿਟੀ ਲੰਡਨ ਨਾਲ ਖੇਡਾਂ ਸਬੰਧੀ ਨਵੇਂ ਕੋਰਸਾਂ, ਨਵੀਨਤਮ ਸਹੂਲਤਾਂ ਅਤੇ ਤਕਨੀਕਾਂ ਦੀ ਪ੍ਰਾਪਤੀ ਲਈ ਸਮਝੌਤਾ ਸਹੀਬੱਧ ਕੀਤਾ ਜਾਵੇਗਾ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਵੇਂ ਵੁਸ਼ੂ ਖੇਡ ਚੀਨ ਵਿਚ ਸ਼ੁਰੂ ਹੋਈ ਪਰ ਪੂਨਮ ਖੱਤਰੀ ਅਤੇ ਪਰਵੀਨ ਕੁਮਾਰ ਵਰਗੇ ਖਿਡਾਰੀਆਂ ਨੇ 2019 ਵਿਚ ਵੁਸ਼ੂ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਆਪਣੀਆਂ ਪ੍ਰਾਪਤੀਆਂ ਨਾਲ ਭਾਰਤ ਦਾ ਨਾਮ ਵਿਸ਼ਵ ਪੱਧਰ ’ਤੇ ਉਚਾ ਕਰ ਵਿਖਾਇਆ।
ਨੈਸ਼ਨਲ ਵੂਸ਼ੂ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੁਸ਼ੂ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਅਰਜੁਨ ਐਵਾਰਡੀ, ਦ੍ਰੋਣਾਚਾਰੀਆ ਐਵਾਰਡੀ ਖਿਡਾਰੀ ਪੂਜਾ ਕਾਦੀਆਂ, ਸੰਧਿਆ ਰਾਣੀ, ਬਿਮੋਲਜੀਤ ਸਿੰਘ ਅਤੇ ਕੁਲਦੀਪ ਹਾਂਡੂ ਨੂੰ ਸਨਮਾਨਿਤ ਕੀਤਾ ਗਿਆ।

ਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਦੇ 29ਵੇਂ ਐਡੀਸ਼ਨ ਖੇਡ ਦੇ ਦੋ ਰੂਪ ਸਨਸ਼ੌ ਅਤੇ ਟਾਅਲੂ ਹੋਣਗੇ। ਪੁਰਸ਼ਾਂ ਦੇ ਟੂਰਨਾਮੈਂਟ ਨੂੰ 44 ਕਿਲੋ, 48 ਕਿਲੋ, 52 ਕਿਲੋ, 56 ਕਿਲੋ, 60 ਕਿਲੋ, 65 ਕਿਲੋ, 70 ਕਿਲੋ, 75 ਕਿਲੋਗ੍ਰਾਮ ਅਤੇ 75 ਕਿਲੋਗ੍ਰਾਮ ਤੋਂ ਵੱਧ ਦੇ ਭਾਰ ਵਰਗਾਂ ਵਿਚ ਵੰਡਿਆ ਜਾਵੇਗਾ ਜਦਕਿ ਮਹਿਲਾ ਟੂਰਨਾਮੈਂਟ ਨੂੰ ਅੰਡਰ 40 ਕਿੱਲੋ, 45 ਕਿਲੋ, 48 ਕਿਲੋ, 52 ਕਿਲੋ, 56 ਕਿਲੋ, 60 ਕਿਲੋ, 65 ਕਿਲੋ, 65 ਕਿੱਲੋ ਤੋਂ ਵੱਧ ਭਾਰ ਵਰਗਾਂ ਵਿਚ ਵੰਡਿਆ ਜਾਵੇਗਾ। ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਸਾਂਡਾ ਈਵੈਂਟ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਪੁਰਸ਼ਾਂ ਅਤੇ ਮਹਿਲਾਵਾਂ ਦੇ ਕੁਆਲੀਫਾਈ ਮੈਚ ਮੁਕਾਬਲੇ ਦੇ ਪਹਿਲੇ ਦਿਨ ਖੇਡੇ ਗਏ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਕੋਰੋਨਾ ਮਹਾਂਮਾਰੀ ਤੋਂ ਬਾਅਦ ਕਰਵਾਈ ਜਾ ਰਹੀ ਸਭ ਤੋਂ ਵੱਡੀ ਕੌਮੀ ਪੱਧਰੀ ਚੈਂਪੀਅਨਸ਼ਿਪ ਹੈ। ਉਨ੍ਹਾਂ ਦੱਸਿਆ ਕੋਵਿਡ -19 ਸਬੰਧੀ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਖਿਡਾਰੀ ਬਿਨ੍ਹਾਂ ਕਿਸੇ ਡਰ ਤੋਂ ਖੇਡਾਂ ਵਿਚ ਪ੍ਰਦਰਸ਼ਨ ਕਰ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਸੋਸ਼ਲ ਮੀਡੀਆ ਕਾਨੂੰਨ ਰਾਹੀਂ ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਕਰ ਰਹੇ ਹਨ ਕੋਸ਼ਿਸ਼ : ਭਗਵੰਤ ਮਾਨ

ਹੁਣ 60 ਸਾਲ ਤੋਂ ਵੱਧ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 60 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਲਗੇਗੀ ਕੋਰੋਨਾ ਵੈਕਸੀਨ