ਨਵੀਂ ਦਿੱਲੀ, 27 ਫਰਵਰੀ 2021 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਕਰਨਾਲ ਜੇਲ੍ਹ ਵਿਚੋਂ ਬਾਹਰ ਆਈ ਨੌਦੀਪ ਕੌਰ ਨੇ ਕਿਹਾ ਹੈ ਕਿ ਉਹ ਸਿੰਘੂ ਬਾਰਡਰ ’ਤੇ ਜਾ ਕੇ ਕਿਸਾਨਾਂ ਨਾਲ ਜ਼ਰੂਰ ਬੈਠੇਗੀ। ਇਸ ਦੇ ਨਾਲ ਹੀ ਉਸਨੇ ਲੋਕਾਂ ਨੂੰ ਸ਼ਿਵ ਕੁਮਾਰ ਵਾਸਤੇ ਵੀ ਆਵਾਜ਼ ਚੁੱਕਣ ਲਈ ਕਿਹਾ ਤੇ ਦੱਸਿਆ ਕਿ ਸ਼ਿਵ ਕੁਮਾਰ 12 ਜਨਵਰੀ ਨੂੰ ਮੌਕੇ ’ਤੇ ਮੌਜੂਦ ਵੀ ਨਹੀਂ ਸੀ ਪਰ ਫਿਰ ਵੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਹੱਡੀਆਂ ਤੋੜ ਦਿੱਤੀਆਂ ਗਈਆਂ।
ਜੇਲ੍ਹ ਵਿਚੋਂ ਬਾਹਰ ਆਉਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਦੀਪ ਕੌਰ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਪਰਿਵਾਰ ਦੀ ਮਰਜ਼ੀ ਮੁਤਾਬਕ ਜਾਵੇਗੀ ਪਰ ਸਿੰਘੂ ਬਾਰਡਰ ’ਤੇ ਜਾ ਕੇ ਕਿਸਾਨਾਂ ਨਾਲ ਜ਼ਰੂਰ ਬੈਠੇਗੀ। ਉਸਨੇ ਕਿਹਾ ਕਿ ਉਹ ਜਲਦੀ ਹੀ ਇਕ ਪ੍ਰੈਸ ਕਾਨਫਰੰਸ ਸੱਦ ਕੇ ਸਾਰੀਆਂ ਗੱਲਾਂ ਦਾ ਖੁੱਲ੍ਹਾਸਾ ਕਰੇਗੀ।
ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨੌਦੀਪ ਕੌਰ ਨੂੰ ਤੀਜੀ ਐਫ. ਆਈ. ਆਰ. ‘ਚ ਵੀ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਨੌਦੀਪ ਨੂੰ 2 ਕੇਸਾਂ ‘ਚੋਂ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ।