– ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੀਆਂ ਮੁਢਲੀਆਂ ਤਰਜੀਹਾਂ ਹੋਣ ਕਰਕੇ ਕ੍ਰਾਂਤੀਕਾਰੀ ਸੁਧਾਰ ਕੀਤੇ-ਸਿਹਤ ਮੰਤਰੀ ਸਿੱਧੂ
– ਘਨੌਰ ਹਸਪਤਾਲ ‘ਚ ਮਾਈ ਦੌਲਤਾਂ ਜੱਚਾ-ਬੱਚਾ ਕੇਂਦਰ ਬਣਾਏ ਜਾਣ ਸਮੇਤ ਐਮ ਆਈ ਆਈ ਤੇ ਸਿਟੀ ਸਕੈਨ ਦੀ ਸਹੂਲਤ ਵੀ ਮਿਲੇਗੀ-ਸਿੱਧੂ
– ਪੰਜਾਬ ਸਰਕਾਰ ਕੋਵਿਡ ਦੀ ਦੂਜੀ ਲਹਿਰ ਪ੍ਰਤੀ ਗੰਭੀਰ, ਇਲਾਜ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ
– ਘਨੌਰ ਹਲਕੇ ਦੇ ਵਿਕਾਸ ਲਈ 1100 ਕਰੋੜ ਰੁਪਏ ਖ਼ਰਚੇ, ਨਮੂਨੇ ਦਾ ਹਲਕਾ ਬਣੇਗਾ ਘਨੌਰ-ਮਦਨ ਲਾਲ ਜਲਾਲਪੁਰ
ਘਨੌਰ, 28 ਫਰਵਰੀ 2021 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿਹਤ ਅਤੇ ਸਿੱਖਿਆ, ਪੰਜਾਬ ਸਰਕਾਰ ਦੀਆਂ ਮੁਢਲੀਆਂ ਤਰਜੀਹਾਂ ਵਿੱਚ ਸ਼ਾਮਲ ਹੋਣ ਕਰਕੇ ਪਿਛਲੇ ਚਾਰ ਸਾਲਾਂ ਦੌਰਾਨ ਇਨ੍ਹਾਂ ਖੇਤਰਾਂ ‘ਚ ਵੱਡੇ ਸੁਧਾਰ ਲਿਆਂਦੇ ਗਏ ਹਨ। ਸ. ਸਿੱੱਧੂ ਅੱਜ ਘਨੌਰ ਦੇ ਕਮਿਉਨਿਟੀ ਹੈਲਥ ਸੈਂਟਰ ਦੇ ਦਰਜੇ ਵਿੱਚ ਵਾਧਾ ਕਰਨ ਅਤੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਇਸ ਨੂੰ ਸਬ ਡਵੀਜ਼ਨ ਹਸਪਤਾਲ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ ਅਤੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਘਨੌਰ ਹਸਪਤਾਲ ਨੂੰ ਜਿੱਥੇ ਅਤਿਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ 30 ਤੋਂ 50 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ, ਉਥੇ ਹੀ ਇਸ ਹਸਪਤਾਲ ਵਿਖੇ ਮਾਈ ਦੌਲਤਾਂ ਜੱਚਾ-ਬੱਚਾ ਕੇਂਦਰ ਸਥਾਪਤ ਕਰਨ ਤੋਂ ਇਲਾਵਾ ਐਮ ਆਰ ਆਈ ਅਤੇ ਸੀ.ਟੀ ਸਕੈਨ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਗਲੇ 6 ਮਹੀਨਿਆਂ ‘ਚ ਇਸ ਹਸਪਤਾਲ ਵਿਖੇ ਰਿਹਾਇਸ਼ੀ ਮਕਾਨਾਂ ਦੀ ਮੁਰੰਮਤ ਵੀ ਕਰਵਾ ਦਿੱਤੀ ਜਾਵੇਗੀ ਤਾਂ ਕਿ ਸਿਹਤ ਅਮਲਾ ਇੱਥੇ ਮਰੀਜਾਂ ਦੀ ਸੇਵਾ ਲਈ 24 ਘੰਟੇ ਹਾਜਰ ਰਹਿ ਸਕੇ। ਸਿਹਤ ਮੰਤਰੀ ਨੇ ਨਾਲ ਹੀ ਡਾਕਟਰਾਂ ਤੇ ਹੋਰ ਸਿਹਤ ਅਮਲੇ ਨੂੰ ਮਰੀਜਾਂ ਦੀ ਸੇਵਾ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਤਤਪਰ ਰਹਿਣ ਦੀ ਤਾਕੀਦ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਭਾਵੇਂ ਕਿ ਅਜੇ ਵੀ ਚਿੰਤਾ ਦਾ ਵਿਸ਼ਾ ਹੈ ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਉਪਰ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਗੰਭੀਰ ਉਪਰਾਲੇ ਕੀਤੇ ਹਨ, ਜਿਸ ਲਈ ਪ੍ਰਧਾਨ ਮੰਤਰੀ ਨੇ ਵੀ ਪੰਜਾਬ ਦੀ ਸ਼ਲਾਘਾ ਕੀਤੀ ਸੀ। ਸਿਹਤ ਮੰਤਰੀ ਨੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸੁਚੇਤ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਪ੍ਰਤੀ ਸੂਬਾ ਸਰਕਾਰ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਿਹਤ ਵਿਭਾਗ ਦੇ ਕੋਰੋਨਾ ਯੋਧਿਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀ ਸੇਵਾ ਕੀਤੀ ਤੇ 17 ਕੋਰੋਨਾ ਯੋਧੇ ਸ਼ਹੀਦ ਹੋਏ।
ਘਨੌਰ ਹਲਕੇ ਦੀ ਕਾਇਆਂ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ 1100 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਲਈ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਦੀ ਪ੍ਰਸ਼ੰਸਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਇਸ ਪੱਖੋਂ ਵਚਨਬੱਧ ਹੈ ਕਿ ਲੋਕਾਂ ਨਾਲ 2017 ‘ਚ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਵਾਅਦਾ ਅਧੂਰਾ ਨਾ ਰਹੇ। ਸ. ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ‘ਚ 4000 ਖਾਲੀ ਅਸਾਮੀਆਂ ‘ਤੇ ਵਿਸ਼ੇਸ਼ਗ ਡਾਕਟਰ, ਨਰਸਾਂ, ਪੈਰਾ ਮੈਡੀਕਲ ਅਤੇ ਹੋਰ ਅਮਲੇ ਦੀ ਭਰਤੀ ਕੀਤੀ ਗਈ ਹੈ ਅਤੇ ਹੁਣ 800 ਵਾਰਡ ਅਟੈਂਡੈਂਟਾਂ ਦੀ ਭਰਤੀ ਵੀ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਵੇਗੀ।
ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਹੀ ਬਣੇਗੀ, ਕਿਉਂਕਿ ਅਕਾਲੀ ਦਲ-ਭਾਜਪਾ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ ਜਦਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਖ਼ਿਲਾਫ਼ ਜਾਂਦਿਆਂ ਕੇਂਦਰ ਦੇ ਕਿਸਾਨ ਮਾਰੂ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਦਿੱਲੀ ਵਿੱਚ ਨੋਟੀਫਾਈ ਵੀ ਕਰ ਦਿੱਤਾ ਹੈ।
ਇੱਕ ਸਵਾਲ ਦੇ ਜਵਾਬ ‘ਚ ਸ. ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੂੰ ਬਜ਼ਟ ਸੈਸ਼ਨ ਤੋਂ ਭੱਜਣ ਦੀ ਬਜਾਇ ਬਹਿਸ ‘ਚ ਹਿੱਸਾ ਲੈਣਾ ਚਾਹੀਦਾ ਹੈ ਪ੍ਰੰਤੂ ਜਿਸ ਪਾਰਟੀ ਨੇ 15 ਸਤੰਬਰ ਤੱਕ ਕੇਂਦਰੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਰਾਗ ਅਲਾਪਿਆ ਉਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਇੱਕੋ-ਇੱਕ ਵਾਹਦ ਆਗੂ ਹੈ, ਜਿਸ ਨੇ ਕਿਸਾਨਾਂ ਸਮੇਤ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਸਾਰ ਲਈ ਹੈ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ।ਸ੍ਰੀ ਜਲਾਲਪੁਰ ਨੇ ਦੱਸਿਆ ਕਿ ਹਲਕੇ ‘ਚ ਪੀਣ ਵਾਲੇ ਪਾਣੀ ਲਈ 350 ਕਰੋੜ ਰੁਪਏ ਦਾ ਪ੍ਰਾਜੈਕਟ, 400 ਕਰੋੜ ਰੁਪਏ ਦਾ ਇੰਡਸਟਰੀ ਪਾਰਕ, 200 ਕਰੋੜ ਰੁਪਏ ਕਿਸਾਨਾਂ ਲਈ ਦਿਵਾਉਣ ਸਮੇਤ ਹਰ ਪਿੰਡ ਵਿਖੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਿਛਲੇ 27 ਸਾਲਾਂ ਅਤੇ ਇਸ ਸਰਕਾਰ ਦੇ 5 ਸਾਲਾਂ ਦਾ ਲੇਖਾ ਜੋਖਾ ਜਰੂਰ ਕਰਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਅਤੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਪਿਛਲੇ 5 ਸਾਲਾਂ ‘ਚ ਕੀ ਕੁਝ ਨਹੀਂ ਕੀਤਾ।
ਇਸ ਤੋਂ ਬਾਅਦ ਅਰਦਾਸ ਕਰਕੇ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਕਾਰਜ ਦੀ ਸ਼ੁਰੂਆਤ ਹਲਕੇ ਲੋਕਾਂ ਵੱਲੋਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਸ੍ਰੀ ਮਦਲ ਲਾਲ ਜਲਾਲਪੁਰ ਦੀ ਹਾਜਰੀ ‘ਚ ਟੱਕ ਲਗਾ ਕੇ ਕਰਵਾਈ ਗਈ।
ਇਸ ਮੌਕੇ ਸਿਵਲ ਸਰਜਨ ਡਾ. ਸਤਿੰਦਰ ਸਿੰਘ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਐਸ.ਐਮ.ਓ. ਡਾ. ਕਿਰਨਜੋਤ ਕੌਰ, ਏ.ਸੀ.ਐਸ. ਡਾ. ਪਰਵੀਨ ਪੁਰੀ, ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖ਼ਾਨ, ਨਗਰ ਪੰਚਾਇਤ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਲੈਂਡਮਾਰਗੇਜ਼ ਬੈਂਕ ਘਨੌਰ ਦੇ ਚੇਅਰਮੈਨ ਹਰਵਿੰਦਰ ਸਿੰਘ ਕਾਮੀਂ, ਚੇਅਰਮੈਨ ਅੱਛਰ ਸਿੰਘ ਭੇਡਵਾਲ, ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਵਿਜੇ ਨੰਦਾ, ਰੇਜਸ਼ ਨੰਦਾ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੌਸ਼ਹਿਰਾ, ਗੁਰਨਾਮ ਸਿੰਘ ਭੂਰੀਮਾਜਰਾ, ਐਨ.ਪੀ. ਪੱਬਰੀ, ਗੁਰਵਿੰਦਰ ਸਿੰਘ ਚਮਾਰੂ, ਮੁਸਤਾਕ ਅਲੀ ਜੱਸੀ ਘਨੌਰ, ਕਾਲਾ ਹਰਪਾਲਪੁਰ, ਦਰਸ਼ਨ ਸਿੰਘ ਮੰਡੌਲੀ, ਦਾਰਾ ਹਰਪਾਲਪੁਰ, ਪਵਿੱਤਰ ਸਿੰਘ ਕਮਾਲਪੁਰ, ਲਖਵਿੰਦਰ ਸਿੰਘ ਲੱਖਾ ਕਬੂਲਪੁਰ, ਮਿੰਟੂ ਸਰਪੰਚ, ਮਨਜੀਤ ਸਿੰਘ ਘੁੰਮਾਣਾ, ਲੀਲਾ ਸਰਪੰਚ ਮੋਹੀ ਖੁਰਦ, ਕੁਲਬੀਰ ਸਰਾਲਾ, ਰਾਜ ਕੁਮਾਰ ਸਿੰਗਲਾ, ਲਵਲੀ ਗੋਇਲ, ਰਾਹੁਲ ਗੋਇਲ, ਰਣਧੀਰ ਸਿੰਘ ਕਾਮੀਂ, ਲਖਬੀਰ ਸਿੰਘ ਰਾਏਪੁਰ ਸਮੇਤ ਹੋਰ ਵੀ ਹਾਜ਼ਰ ਸਨ।