- ਕਿਹਾ, ਮਜਬੂਤ ਕਾਂਗਰਸ ਦੇਸ਼ ਦੀ ਜਰੂਰਤ, ਲੋਕਾਂ ਵਿਚ ਪਹੁੰਚ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦਾ ਸੱਦਾ
ਚੰਡੀਗੜ੍ਹ, 28 ਫਰਵਰੀ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਦੇ ਕੁਝ ਆਗੂਆਂ ਦੇ ਆਏ ਤਾਜੇ ਬਿਆਨਾਂ ਤੇ ਟਿੱਪਣੀ ਕਰਦਿਆਂ ਉਨਾਂ ਨੂੰ ਹੁਣ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਜਦ ਸੂਬਾ ਕਾਂਗਰਸ ਪ੍ਰਧਾਨ ਨੂੰ ਸ੍ਰੀ ਕਪਿਲ ਸਿੱਬਲ, ਸ੍ਰੀ ਗੁਲਾਮ ਨਬੀ ਅਜਾਦ, ਸ੍ਰੀ ਰਾਜ ਬੱਬਰ ਅਤੇ ਸ੍ਰੀ ਆਨੰਦ ਸ਼ਰਮਾ ਦੇ ਤਾਜਾ ਬਿਆਨਾਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਦੇਸ਼ ਇਕ ਚੁਣੌਤੀ ਪੂਰਨ ਸਮੇਂ ਵਿਚੋਂ ਲੰਘ ਰਿਹਾ ਹੈ ਜਦ ਮੋਦੀ ਸਕਰਾਰ ਸਮਾਜ ਦੇ ਹਰ ਵਰਗ ਪ੍ਰਤੀ ਦਮਨਕਾਰੀ ਨੀਤੀ ਅਪਨਾ ਕੇ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ। ਅਜਿਹੇ ਵਿਚ ਦੇਸ਼ ਨੂੰ ਕਾਂਗਰਸ ਤੋਂ ਸੰਘਰਸ਼ ਦੀ ਰਾਜਨੀਤੀ ਦੀ ਜਰੂਰਤ ਹੈ ਤਾਂ ਜੋ ਲੋਕਾਂ ਦੀ ਅਵਾਜ ਬੁਲੰਦ ਕੀਤੀ ਜਾ ਸਕੇ ਅਤੇ ਇਸ ਲਈ ਕਾਂਗਰਸ ਦੇ ਇਨਾਂ ਸੀਨਿਅਰ ਆਗੂਆਂ ਨੂੰ ਆਮ ਲੋਕਾਂ ਵਿਚ ਸੜਕ ਤੇ ਆ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ।
ਜਾਖੜ ਨੇ ਸ੍ਰੀ ਰਾਜ ਬੱਬਰ ਦੇ ‘ਹਮ ਹੀ ਕਾਂਗਰਸ ਹੈ’ ਵਾਲੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ਕ ਤੁਸੀਂ ਹੀ ਕਾਂਗਰਸ ਹੋ ਪਰ ਇਹ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਕਾਂਗਰਸ ਦਾ ਸਾਡੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ। ਉਨਾਂ ਨੇ ਕਿਹਾ ਕਾਂਗਰਸ ਪਾਰਟੀ ਦਾ ਸਿਧਾਂਤ ਲੋਕਾਂ ਦੀ ਸੇਵਾ ਰਿਹਾ ਹੈ।
ਗੁਲਾਮ ਨਬੀ ਅਜਾਦ ਦੇ ਬਿਆਨ ਕਿ ਉਹ ਸਿਰਫ ਰਾਜ ਸਭਾ ਤੋਂ ਰਿਟਾਇਰ ਹੋਏ ਹਨ ਰਾਜਨੀਤੀ ਤੋਂ ਨਹੀਂ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰਾਜਸਭਾ ਤੋਂ ਰਿਟਾਇਰ ਹੋਣਾ ਰਾਜਨੀਤੀ ਤੋਂ ਰਿਟਾਇਰ ਹੋਣਾ ਹੁੰਦਾ ਵੀ ਨਹੀਂ ਬਲਕਿ ਰਾਜਨੀਤੀ ਤਾਂ ਹੁਣ ਸ਼ੁਰੂ ਹੋਈ ਹੈ। ਉਨਾਂ ਨੇ ਸ੍ਰੀ ਸਿੱਬਲ ਦੇ ਕਾਂਗਰਸ ਦੀ ਮਜਬੂਤੀ ਸਬੰਧੀ ਬਿਆਨ ਤੇ ਕਿਹਾ ਕਿ ਆਓ ਫਿਰ ਆਮ ਲੋਕਾਂ ਵਿਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਅਤੇ ਦੇਸ਼ ਨੂੰ ਮਜਬੂਤ ਕਰੀਏ ਕਿਉਂਕਿ ਮਜਬੂਤ ਕਾਂਗਰਸ ਇਸ ਦੇਸ਼ ਦੀ ਜਰੂਰਤ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਾਂ 1 ਮਾਰਚ ਨੂੰ ਲੋਕਾਂ ਦੇ ਸਰੋਕਾਰਾਂ ਦੀ ਰਾਖੀ ਲਈ ਪੰਜਾਬ ਦੇ ਰਾਜਪਾਲ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਉਨਾਂ ਨੇ ਇੰਨਾਂ ਸੀਨਿਅਰ ਆਗੂਆਂ ਨੂੰ ਇਸ ਰੋਸ਼ ਪ੍ਰਦਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਲੋਕਾਂ ਨਾਲ ਜੁੜੇ ਮੁੱਦੇ ਨੂੰ ਉਭਾਰਨ ਦੇ ਇਸ ਪ੍ਰੋਗਰਾਮ ਵਿਚ ਇੰਨਾਂ ਆਗੂਆਂ ਨੂੰੂ ਵੀ ਹਾਰਦਿਕ ਸੱਦਾ ਹੈ। ਉਨਾਂ ਨੇ ਕਿਹਾ ਕਿ ਇੰਨਾਂ ਆਗੂਆਂ ਲਈ ਲੋਕਾਂ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਲਈ ਇਹ ਪ੍ਰਦਸ਼ਨ ਰਿਫਰੈਸ਼ਰ ਕੋਰਸ ਸਾਬਿਤ ਹੋ ਸਕਦਾ ਹੈ। ਉਨਾਂ ਨੇ ਇੰਨਾਂ ਆਗੂਆਂ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਅਲਖ ਜਗਾਈ ਸੀ ਅਤੇ ਆਓ ਹੁਣ ਉਨਾਂ ਦੀਆਂ ਲੀਹਾਂ ਤੇ ਚਲੱਦੇ ਹੋਏ ਮਹਿੰਗਾਈ ਖਿਲਾਫ ਜਨ ਜਨ ਦੀ ਅਵਾਜ ਬੁਲੰਦ ਕਰਕੇ ਮੋਦੀ ਸਰਕਾਰ ਨੂੰ ਜਗਾਈਏ। ਇਸ ਨਾਲ ਪਾਰਟੀ ਵੀ ਮਜਬੂਤ ਹੋਵੇਗੀ ਅਤੇ ਲੋਕਾਂ ਦੀ ਪੀੜਾ ਵੀ ਸਰਕਾਰ ਤੱਕ ਪੁੱਜੇਗੀ।
ਆਖੀਰ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਇਹ ਵੇਲਾ ਲੋਕਾਂ ਵਿਚ ਆ ਕੇ ਉਨਾਂ ਦੀ ਗੱਲ ਕਰਨ ਦਾ ਹੈ ਅਤੇ ਆਸ ਹੈ ਕਿ ਨੀਤੀਗਤ ਰਾਜਨੀਤੀ ਦੇ ਮਹਾਂਰਥੀ ਹੁਣ ਸੰਘਰਸ਼ ਦੀ ਇਸ ਰਾਜਨੀਤੀ ਕਰਨ ਲਈ ਅੱਗੇ ਆਉਣਗੇ।