ਚੰਡੀਗੜ੍ਹ, 2 ਮਾਰਚ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਨੂੰ ਭਰੋਸਾ ਦਿਵਾਇਆ ਕਿ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਇਕ ਸਾਲ ਦੇ ਅੰਦਰ ਸੂਬੇ ਵਿੱਚ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਇਹ ਕਾਰਜ ਮੁਕੰਮਲ ਕਰ ਲਏ ਜਾਣਗੇ।
ਬਜਟ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਕੁੱਲ 64878 ਕਿਲੋਮੀਟਰ ਲਿੰਕ ਸੜਕਾਂ ਵਿੱਚੋਂ 34977 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਕਾਰਜ ਲਈ 4112 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 6162 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਅਤੇ ਅਗਲੇ ਵਿੱਤੀ ਵਰ੍ਹੇ ਵਿਚ ਪੂਰਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 82 ਕਰੋੜ ਰੁਪਏ ਦੀ ਲਾਗਤ ਨਾਲ 17600 ਕਿਲੋਮੀਟਰ ਲਿੰਕ ਸੜਕਾਂ ਵਿੱਚ ਪਏ ਟੋਇਆਂ ਦੀ ਮੁਰੰਮਤ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਦੁਆਰਾ ਬਠਿੰਡਾ ਦੇ ਪਿੰਡ ਤਿਉਣਾ ਤੋਂ ਪਿੰਡ ਬਾਹੋ ਸਿਵਾਨੀ ਲਿੰਕ ਸੜਕ ‘ਤੇ ਮੁਰੰਮਤ ਕੀਤੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਮਾਰਚ, 2014 ਤੋਂ ਪਹਿਲਾਂ ਮੁਰੰਮਤ ਕੀਤੀਆਂ ਸੜਕਾਂ ‘ਤੇ ਹੀ ਰੀਕਾਰਪੈਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 3.50 ਕਿਲੋਮੀਟਰ ਦੇ ਵਿਸ਼ੇਸ਼ ਹਿੱਸੇ ਦੀ ਮੁਰੰਮਤ ਜੂਨ, 2016 ਵਿਚ ਕੀਤੀ ਗਈ ਸੀ ਅਤੇ 2014 ਤੋਂ ਪਹਿਲਾਂ ਦੀਆਂ ਸੜਕਾਂ ਦੀ ਮੁਰੰਮਤ ਮੁਕੰਮਲ ਕਰਨ ਉਪਰੰਤ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਇਸ ਹਿੱਸੇ ਦੀ ਰੀਕਾਰਪੀਟਿੰਗ ਕੀਤੀ ਜਾਵੇਗੀ।