ਚੰਡੀਗੜ੍ਹ, 2 ਮਾਰਚ 2021 – ਪੰਜਾਬ ਦੀਆਂ ਆਂਗਨਵਾੜੀ ਵਰਕਰਜ਼ ਯੂਨੀਅਨਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪ੍ਰਵਾਨਗੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵੱਲੋਂ ਅੱਜ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਅਸਾਮੀਆਂ ਭਰਨ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀਆਂ (ਡੀ.ਪੀ.ਓਜ਼) ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਆਂਗਣਵਾੜੀ ਵਰਕਰਜ਼ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਨੇ ਅਧਿਕਾਰੀਆਂ ਨੂੰ ਤੁਰੰਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਇਹ ਵੀ ਦੱਸਿਆ ਕਿ ਹੋਰਨਾਂ ਵਿਭਾਗਾਂ ਨਾਲ ਸੰਬੰਧਤ ਜਾਇਜ਼ ਮੰਗਾਂ ਵੀ ਉਚਿਤ ਢੰਗ ਨਾਲ ਉਠਾਈਆਂ ਜਾਣਗੀਆਂ ਅਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਦੇ ਜਲਦੀ ਨਿਪਟਾਰੇ ਲਈ ਉਹ ਨਿੱਜੀ ਤੌਰ ‘ਤੇ ਇਹ ਮਾਮਲਾ ਵਿੱਤ ਮੰਤਰੀ ਕੋਲ ਉਠਾਉਣਗੇ।
ਆਂਗਨਵਾੜੀ ਕੇਂਦਰਾਂ ਵਿਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਦਾਖਲ ਕਰਨ ਸਬੰਧੀ ਮਾਮਲੇ ਬਾਰੇ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਕੂਲ ਸਿੱਖਿਆ ਮੰਤਰੀ ਕੋਲ ਉਠਾਇਆ ਜਾਵੇਗਾ। ਉਨ੍ਹਾਂ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਮਹਿਲਾ ਦਿਵਸ ਨੂੰ ਜੋਸ਼ੋ-ਖੋਰੋਸ਼ ਨਾਲ ਮਨਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ-ਕਮ-ਵਿਸ਼ੇਸ਼ ਸਕੱਤਰ ਸ੍ਰੀ ਵਿਪੁਲ ਉਜਵਲ, ਜੁਆਇੰਟ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ, ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਅਤੇ ਆਂਗਨਵਾੜੀ ਵਰਕਰਜ਼ ਯੂਨੀਅਨਾਂ ਦੇ ਨੁਮਾਇੰਦੇ ਸ੍ਰੀਮਤੀ ਹਰਗੋਬਿੰਦ ਕੌਰ, ਸ੍ਰੀਮਤੀ ਊਸ਼ਾ ਰਾਣੀ, ਸ੍ਰੀਮਤੀ ਸੁਭਾਸ਼ ਰਾਣੀ, ਸ੍ਰੀਮਤੀ ਸ਼ਿੰਦਰਪਾਲ ਕੌਰ ਅਤੇ ਸ੍ਰੀਮਤੀ ਸਰੋਜ ਛੱਪੜੀਵਾਲਾ ਸ਼ਾਮਲ ਸਨ।