- ਰੁਪਿੰਦਰ ਕੌਰ ਰੂਬੀ ਨੇ ਹਲਕੇ ਦੀਆਂ ਟੁਟੀਆਂ ਸੜਕਾਂ ਦਾ ਮਸਲਾ ਚੁੱਕਿਆ
- ਪ੍ਰਿੰਸੀਪਲ ਬੁੱਧ ਰਾਮ ਨੇ ਚੁੱਕਿਆ ਬੁਢਲਾਡੇ ਹਲਕੇ ‘ਚ ਸਰਕਾਰੀ ਕਾਲਜ ਬਣਾਉਣ ਦਾ ਮੁੱਦਾ
- ਵਿਧਾਇਕ ਕੁਲਵੰਤ ਪੰਡੋਰੀ ਨੇ ਕੀਤੀ ਐਨ ਜੀ ਓ ਨੂੰ ਟੋਲ ਟੈਕਸ ਦੇਣ ਤੋਂ ਛੋਟ ਦੇਣ ਦੀ ਮੰਗ
ਚੰਡੀਗੜ੍ਹ, 2 ਮਾਰਚ 2021 – ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੇ ਆਪਣੇ ਹਲਕੇ ਨਾਲ ਸਬੰਧਤ ਲੋਕਾਂ ਦੇ ਮਸਲਿਆਂ ਨੂੰ ਅੱਜ ਵਿਧਾਨ ਵਿਚ ਚੁੱਕੇ ਗਏ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਹਲਕੇ ਵਿੱਚ ਦਿਨੋਂ ਦਿਨ ਖਸਤਾ ਹੋ ਰਹੀਆਂ ਸੜਕਾਂ ਦੀ ਹਾਲਤ ਦਾ ਮਾਮਲਾ ਚੁੱਕਿਆ।
ਉਨ੍ਹਾਂ ਕਿਹਾ ਕਿ ਘੁੱਦਾ ਨੂੰ ਜਾਣ ਵਾਲੀ ਸੜਕ ਉਤੇ ਸੈਂਟਰਲ ਯੂਨੀਵਰਸਿਟੀ ਤੋਂ ਇਲਾਵਾ ਹੋਰ ਵਿਦਿਅਕ ਅਦਾਰਿਆਂ ਨੂੰ ਜਾਣ ਵਾਲੇ ਸੜਕ ਸਮੇਤ ਪਿੰਡ ਤਿਉਣਾ ਤੋਂ ਬਾਹੋ ਸਿਵਿਆ, ਪਿੰਡ ਜੈ ਸਿੰਘ ਵਾਲਾ ਤੋਂ ਪਿੰਡ ਸੰਗਤ, ਪਿੰਡ ਤਿਉਣਾ ਮੀਆਂ ਤੋਂ ਪਿੰਡ ਨਰੂਆਣਾ, ਪਿੰਡ ਬੱਲੂਆਣਾ ਤੋਂ ਪਿੰਡ ਬੁਰਜ ਮਹਿਮਾ, ਪਿੰਡ ਚੁੱਘੇ ਕਲਾਂ ਤੋਂ ਪਿੰਡ ਚੁੱਘੇ ਖੁਰਦ ਅਤੇ ਪਿੰਡ ਝੁੰਬਾ ਤੋਂ ਪਿੰਡ ਬਾਹੋ ਯਾਤਰੀ ਤੱਕ ਲਿੰਕ ਸੜਕ ਦੀ ਹਾਲਤ ਮਾਸਲਾ ਚੁੱਕਦਿਆਂ ਕਿਹਾ ਕਿ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਵਿਖੇ ਕਰੋਨਾ ਮਹਾਂਮਾਰੀ ਦੇ ਰੋਕਥਾਮ ਲਈ ਜਾਰੀ ਕੀਤੇ ਫੰਡਾਂ ਦੇ ਵੇਰਵੇ, ਨਕਲੀ ਕੀਟਨਾਸ਼ਕ ਦਵਾਈਆਂ ਅਤੇ ਝੋਨੇ ਦੇ ਬੀਜ਼ ਵੇਚਣ ਵਾਲਿਆਂ ਖਿਲਾਫ ਕਾਰਵਾਈ ਸਬੰਧੀ ਸਵਾਲ ਚੁੱਕੇ ਗਏ।
ਬੁਢਲਾਡਾ ਤੋਂ ਵਿਧਾਇਕ ਬੁੱਧ ਰਾਮ ਨੇ ਬਰੇਟਾ ਸ਼ਹਿਰ ਦੇ ਸੀਵਰੇਜ ਸਮੱਸਿਆਵਾ ਚੁੱਕਦੇ ਹੋਏ ਸਰਕਾਰ ਦਾ ਧਿਆਨ ਦਿਵਾਇਆ। ਬੁੱਢਲਾਡਾ ਦੇ ਪਿੰਡਾਂ ਦੀਆਂ ਡਰੇਨਾਂ ਤੇ ਪੁੱਲ ਬਣਾਉਣਾ, ਬੁਢਲਾਡਾ ਵਿਖੇ ਸਹਾਇਕ ਪੰਚਾਇਤ ਅਫ਼ਸਰ ਦੀ ਨਿਯੁਕਤੀ, ਸਬ ਡਵੀਜ਼ਨ ਬੁਢਲਾਡਾ ਵਿਖੇ ਸਰਕਾਰੀ ਕਾਲਜ ਖੋਲ੍ਹਣਾ, ਵਿਧਵਾ, ਕੁਆਰੀਆਂ ਅਤੇ ਨਵ ਵਿਆਹੀਆਂ ਲੜਕੀਆਂ ਦੀਆਂ ਬਦਲੀਆਂ ਸਬੰਧੀ ਸਵਾਲ ਪੁੱਛੇ।
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਨਾਲੇ/ਨਾਲੀਆਂ ਬੰਦ ਕਰਕੇ ਸੀਵਰੇਜ਼ ਨਾਲ ਜੋੜਣਾ, ਨਸ਼ਾ ਤਸਕਰਾਂ ਖਿਲਾਫ ਦਰਜ ਕੇਸਾਂ ਦੇ ਵੇਰਵੇ, ਪਲਾਸਟਿਕ ਦੇ ਚੌਲਾਂ ਦੀਆਂ ਖਿੱਲਾਂ ਸਪਲਾਈ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਅਤੇ ਸਰਦ ਰੁੱਤ ਵਿੱਚ ਸਕੂਲੀ ਬੱਚਿਆਂ ਨੂੰ ਘਾਹ ਉੱਤੇ ਬਿਠਾਉਣ ਵਾਲੇ ਅਧਿਕਾਰੀਆਂ ਪ੍ਰਤੀ ਕਾਰਵਾਈ ਸਬੰਧੀ ਸਵਾਲ ਕੀਤਾ।
ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਾਲ 2018-19 ਦੀਆਂ ਗੁਪਤ ਰਿਪੋਰਟਾਂ/ਡਾਇਰੈਕਟਰ ਤਕਨੀਕੀ ਸਿੱਖਿਆ ਦੁਆਰਾ ਸਾਈਨ ਕਰਨ ਵਿੱਚ ਦੇਰੀ, ਸਰਕਾਰੀ ਬਹੁਤਕਨੀਕੀ ਕਾਲਜਾਂ ਵਿੱਚ ਰੈਗੂਲਰ ਲੈਕਚਰਾਰਾਂ ਨੂੰ ਲਾਭ ਦੇਣਾ, ਪ੍ਰੀਖਿਆਵਾਂ ਕੰਡਕਟ ਕਰਵਾਉਣ ਵਾਲੇ ਅਮਲੇ ਨੂੰ ਮਿਲਣ ਵਾਲੀ ਅਦਾਇਗੀ ਅਤੇ ਡਾਇਰੈਕਟੋਰੇਟ ਵਿਖੇ ਪ੍ਰਬੰਧਕੀ ਅਸਾਮੀ ਤੇ ਲੱਗਣ ਦੇ ਨਿਯਮ ਸਬੰਧੀ ਸਵਾਲ ਪੁੱਛਿਆ।
ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਸਵਾਲ ਪੁੱਛਿਆ ਕਿ ਹਲਕਾ ਗੜ੍ਹਸ਼ੰਕਰ ਅਤੇ ਮਾਹਿਲਪੁਰ ਵਿੱਚ ਕਿੰਨੇ ਪੰਚਾਇਤ ਸਕੱਤਰਾਂ ਦੀਆਂ ਅਸਾਮੀਆਂ ਮਨਜ਼ੂਰਸ਼ੁਦਾ ਹਨ ਅਤੇ ਕਿੰਨੀਆਂ ਅਸਾਮੀਆਂ ਤੇ ਨਿਯੁਕਤੀਆਂ ਹੋ ਚੁੱਕੀਆਂ ਹਨ।
ਵਿਧਾਇਕ ਕੁਲਵੰਤ ਪੰਡੋਰੀ ਨੇ ਐਨ ਜੀ ਓ ਨੂੰ ਟੋਲ ਟੈਕਸ ਤੋਂ ਛੋਟ ਦੇਣ ਸਬੰਧੀ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਅੰਦਰ ਕੁਦਰਤੀ ਆਫਤਾਂ ਜਾਂ ਅਣਸੁਖਾਵੀਆਂ ਘਟਨਾਵਾਂ ਵਾਪਰਨ ਸਮੇਂ ਜੋ ਐਨਜੀਓ ਲੋਕਾਂ ਦੀ ਮਦਦ ਕਰਦੀਆਂ ਹਨ, ਉਨ੍ਹਾਂ ਦੇ ਵਾਹਨਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਤੇ ਵਿਚਾਰ ਕਰੇਗੀ।