… ਸੰਵਿਧਾਨ ਦੀ 85ਵੀਂ ਸੋਧ ਨੂੰ ਅਜੇ ਤੱਕ ਸੂਬਾ ਸਰਕਾਰ ਨੇ ਲਾਗੂ ਨਹੀਂ ਕੀਤਾ, ਕੈਪਟਨ ਅਮਰਿੰਦਰ ਸਿੰਘ ਦਲਿਤਾਂ ਨਾਲ ਧੋਖਾ ਕਰ ਰਹੇ ਹਨ : ਹਰਪਾਲ ਸਿੰਘ ਚੀਮਾ
… ਕੈਪਟਨ ਅਧਿਕਾਰੀਆਂ ਰਾਹੀਂ ਚਲਾ ਰਹੇ ਹਨ ਸੂਬਾ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 4 ਮਾਰਚ 2021 – ਦਲਿਤ ਰਾਖਵਾਂਕਰਨ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀਰਵਾਰ ਨੂੰ ਵਿਧਾਨ ਸਭਾ ਤੋਂ ਵਾਕਆਊਟ ਕੀਤਾ। ਪੰਜਾਬ ਸਰਕਾਰ ਵੱਲੋਂ ਦਲਿਤਾਂ ਨਾਲ ਸਬੰਧਤ ਸੰਵਿਧਾਨ ਦੀ 85ਵੀਂ ਸੋਧ ਕਾਨੂੰਨ ਲਾਗੂ ਨਾ ਕਰਨ ਦੇ ਵਿਰੋਧ ਵਿੱਚ ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਿਲਾਸਪੁਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਪੰਡੋਰੀ, ਮਾਸਟਰ ਬਲਦੇਵ ਸਿੰਘ ਜੇਤੋ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਪਣੀ ਨਰਾਜ਼ਗੀ ਪ੍ਰਗਟਾਉਂਦੇ ਹੋਏ ਸਦਨ ਤੋਂ ਬਾਹਰ ਨਿਕਲ ਗਏ।
ਵਾਕਆਊਟ ਦੇ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ 85ਵਾਂ ਸੰਸ਼ੋਧਨ ਲਾਗੂ ਕਰਨ ਲਈ ਪ੍ਰਸਤਾਵ ਪਾਸ ਕੀਤਾ ਸੀ। ਪ੍ਰਸਤਾਵ ਅਨੁਸਾਰ ਸੂਬੇ ਦੇ ਦਲਿਤਾਂ ਨੂੰ ਤਰੱਕੀ ਵਿੱਚ ਰਾਖਵਾਂਕਰਨ ਦਿੱਤਾ ਜਾਂਦਾ। ਪ੍ਰੰਤੂ ਉਸ ਸੰਸੋਧਨ ਕਾਨੂੰਨ ਨੂੰ ਕੈਪਟਨ ਸਰਕਾਰ ਨੇ ਸੂਬੇ ਵਿੱਚ ਲਾਗੂ ਨਹੀਂ ਕੀਤਾ। ਪਹਿਲਾਂ ਪੰਜਾਬ ਸਰਕਾਰ ਨੇ ਇਕ ਅਧਿਸੂਚਨਾ ਜਾਰੀ ਜਾਰੀ ਕਰਕੇ ਇਨ੍ਹਾਂ ਸੰਸ਼ੋਧਨ ਕਾਨੂੰਨਾਂ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ, ਪ੍ਰੰਤੂ ਸਰਕਾਰ ਦੇ ਪਰਸੋਨਲ ਵਿਭਾਗ ਨੇ ਇਕ ਅਲੱਗ ਅਧਿਸੂਚਨਾ ਜਾਰੀ ਕਰ 85ਵੇਂ ਸੰਸ਼ੋਧਨ ਨੂੰ ਸੂਬੇ ਵਿੱਚ ਲਾਗੂ ਕਰਨ ਤੋਂ ਰੋਕ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਲਗਭਗ 37 ਫੀਸਦੀ ਹੈ, ਪ੍ਰੰਤੂ ਆਊਟਸੋਰਸਿੰਗ ਅਤੇ ਠੇਕਾ ਆਧਾਰ ਵਾਲੀਆਂ ਨੌਕਰੀਆਂ ਵਿਚ ਰਾਖਵਾਂਕਰਨ ਲਾਗੂ ਨਹੀਂ ਹੁੰਦਾ। ਅਸੀਂ ਇਸ ਸਬੰਧੀ ਸਦਨ ਵਿੱਚ ਮਾਮਲਾ ਚੁੱਕਿਆ ਹੈ।
‘ਆਪ’ ਆਗੂ ਨੇ ਕਿਹਾ ਕਿ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸੂਬੇ ਨੂੰ ਚਲਾਉਣ ਵਿੱਚ ਅਸਮਰਥ ਹਨ। ਇਸ ਤੋਂ ਇਹ ਫਿਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੈਪਟਨ ਨੇ ਆਪਣੇ ਫਾਰਮ ਹਾਊਸ ਵਿੱਚ ਬੈਠੇ ਹੋਏ ਹਨ ਅਤੇ ਸੂਬਾ ਚਲਾਉਣ ਦਾ ਕੰਮ ‘ਬਾਬੂ’ ਲੋਕਾਂ ਉੱਤੇ ਛੱਡ ਦਿੱਤਾ ਹੈ। ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੈ। ਉਨ੍ਹਾਂ ਕੋਲ ਐਨੇ ਅਧਿਕਾਰ ਹੋਣ ਦੇ ਬਾਵਜੂਦ, ਉਨ੍ਹਾਂ ਦੇ ਆਪਣੇ ਅਧਿਕਾਰੀ ਉਨ੍ਹਾਂ ਵੱਲੋਂ ਭੇਜੀ ਗਈ ਅਧਿਸੂਚਨਾ ਨੂੰ ਖਾਰਜ ਕਰ ਰਹੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਦਰਅਸਲ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦਲਿਤ ਵਿਰੋਧੀ ਹੈ। ਉਨ੍ਹਾਂ ਨੂੰ ਦਲਿਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੀ ਸਰਕਾਰ ਨੇ ਪੋਸਟ ਮੈਟ੍ਰਿਕ ਵਜੀਫਾ ਫੰਡ ਅਜੇ ਤੱਕ ਜਾਰੀ ਨਹੀਂ ਕੀਤਾ, ਜਿਸ ਕਾਰਨ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਜੀਵਨ ਖਤਰੇ ਵਿੱਚ ਹੈ। ਉਨ੍ਹਾਂ ਦੇ ਮੰਤਰੀ ਨੇ ਇਨ੍ਹਾਂ ਬੱਚਿਆਂ ਲਈ ਰੱਖੇ ਗਏ ਪੈਸੇ ਖਾ ਗਏ, ਪ੍ਰੰਤੂ ਉਨ੍ਹਾਂ ਨੇ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨਾ ਤਾਂ ਗਰੀਬਾਂ ਨੂੰ ਪੰਜ ਮਰਲੇ ਪਲਾਟ ਦਿੱਤੇ ਨਾ ਹੀ ਹੀ ਉਨ੍ਹਾਂ ਅਜੇ ਤੱਕ ਸ਼ਗਨ ਸਕੀਮ ਲਾਗੂ ਕੀਤੀ ਹੈ। ਹੁਣ ਉਹ 85ਵੀਂ ਸੋਧ ਕਾਨੂੰਨ ਨੂੰ ਸੂਬੇ ਵਿੱਚ ਜਾਣਬੁਝਕੇ ਲਾਗੂ ਨਹੀਂ ਕਰ ਰਹੇ, ਕਿਉਂਕਿ ਕੈਪਟਨ ਅਮਰਿੰਦਰ ਨਹੀਂ ਚਾਹੁੰਦੇ ਕਿ ਸੂਬੇ ਦੇ ਦਲਿਤਾਂ ਦੀ ਤਰੱਕੀ ਹੋਵੇ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਪੰਡੋਰੀ, ਅਮਰਜੀਤ ਸੰਦੋਆ ਅਤੇ ਹੋਰ ‘ਆਪ’ ਆਗੂ ਹਾਜ਼ਰ ਸਨ।