ਚੰਡੀਗੜ੍ਹ, 10 ਮਾਰਚ 2021 – ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਲਈ ਨਵ-ਨਿਯੁਕਤ ਪੰਜ ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇ।
ਬੈਂਕ ਦੇ ਮੁੱਖ ਦਫਤਰ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਸਹਿਕਾਰਤਾ ਮੰਤਰੀ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਉਨ੍ਹਾਂ ਵਿੱਚ ਨਵਜੀਤ ਕੌਰ ਪਤਨੀ ਸਵ. ਹਰਪ੍ਰੀਤ ਸਿੰਘ (ਸਹਾਇਕ ਮੈਨੇਜਰ), ਕਰਨਵੀਰ ਸਿੰਘ ਪੁੱਤਰ ਸਵ. ਰਾਮ ਸਿੰਘ (ਸਹਾਇਕ ਮੈਨੇਜਰ), ਗੁਰਜਿੰਦਰ ਕੌਰ ਪਤਨੀ ਸਵ. ਬਲਜੀਤ ਸਿੰਘ (ਕਲਰਕ), ਅੰਮ੍ਰਿਤਪਾਲ ਸਿੰਘ ਪੁੱਤਰ ਸਵ. ਬਲਕਾਰ ਸਿੰਘ (ਕਲਰਕ) ਤੇ ਸੰਦੀਪ ਕੁਮਾਰ ਪੁੱਤਰ ਸਵ. ਇੰਦਰਜੀਤ (ਦਫਤਰੀ) ਸ਼ਾਮਲ ਸਨ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਮਾਜ ਦੇ ਸਮੂਹ ਵਰਗਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਮੁਖੀ ਦੀ ਮੌਤ ਦਾ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਅੱਜ ਉਨ੍ਹਾਂ ਪਰਿਵਾਰਾਂ ਦੇ ਵਾਰਸਾਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਕਰਕੇ ਆਪਣੇ ਪਰਿਵਾਰ ਲਈ ਕਮਾਈ ਦਾ ਸਹਾਰਾ ਬਣਾਉਣ ਲਈ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ ਗਈ ਹੈ।
ਸਹਿਕਾਰਤਾ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦੇ ਕੇ ਆਪਣੀ ਜ਼ਿੰਮੇਵਾਰੀ ਅਦਾ ਕੀਤੀ ਗਈ ਹੈ ਅਤੇ ਹੁਣ ਉਹ ਆਸ ਕਰਦੇ ਹਨ ਕਿ ਇਹ ਸਮੂਹ ਕਰਮਚਾਰੀ ਆਪੋ-ਆਪਣੇ ਦਫ਼ਤਰਾਂ ‘ਚ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਤੇ ਐਮ.ਡੀ. ਚਰਨਦੇਵ ਸਿੰਘ ਮਾਨ ਵੀ ਹਾਜ਼ਰ ਸਨ।