ਪੰਜਾਬ ਸਰਕਾਰ ਦਾ ਬਜਟ ਘੱਟ, ਕਾਂਗਰਸ ਦਾ 2022 ਲਈ ਚੋਣ ਮੈਨੀਫੈਸਟੋ ਜ਼ਿਆਦਾ : ‘ਆਪ’

… ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ : ਹਰਪਾਲ ਸਿੰਘ ਚੀਮਾ
… ਕਿਸੇ ਸਮੇਂ ਖੁਸ਼ਹਾਲ ਹੁੰਦਾ ਪੰਜਾਬ ਅੱਜ ਤਰਸ ਦਾ ਪਾਤਰ ਬਣਿਆ : ਸਰਵਜੀਤ ਕੌਰ ਮਾਣੂੰਕੇ
… ਟਰਾਂਸਪੋਰਟ ਨੀਤੀ ਨਾ ਲਿਆ ਸਕੀ ਕੈਪਟਨ ਸਰਕਾਰ, ਬਾਦਲਾਂ ਵਾਲੀ ਨੀਤੀ ‘ਤੇ ਚਲਾ ਰਹੀ ਹੈ ਕੰਮ : ਕੁਲਤਾਰ ਸਿੰਘ ਸੰਧਵਾਂ
… ਮੈਡੀਕਲ ਸਿੱਖਿਆ ਦੀਆਂ ਮੋਟੀਆਂ ਫੀਸਾਂ ਨੇ ਗਰੀਬਾਂ ਬੱਚਿਆਂ ਲਈ ਕੀਤੇ ਰਾਹ ਬੰਦ : ਮੀਤ ਹੇਅਰ

ਚੰਡੀਗੜ੍ਹ, 11 ਮਾਰਚ 2021 – ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਵਿੱਚ ਬਜਟ ਉਤੇ ਬਹਿਸ ਕਰਦੇ ਹੋਏ ਕੈਪਟਨ ਸਰਕਾਰ ਦੇ ਆਖਰੀ ਬਜਟ ਨੂੰ ਪੰਜਾਬ ਦਾ ਬਜਟ ਘੱਟ ਦੱਸਦੇ ਹੋਏ ਕਿਹਾ ਕਿ ਇਹ 2022 ਦੀਆਂ ਚੋਣਾਂ ਲਈ ਕਾਂਗਰਸ ਦਾ ਮੈਨੀਫੈਸਟੋ ਜ਼ਿਆਦਾ ਦਿਖਾਈ ਦਿੰਦਾ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਸ ਮੁੱਦੇ ਉੱਤੇ ਕਾਂਗਰਸੀ ਮੰਤਰੀਆਂ ਨੇ ਝੋਲੀਆਂ ਅੱਡਦੇ ਹੋਏ ਇਨਸਾਫ ਦੀ ਮੰਗ ਕੀਤੀ ਸੀ, ਪਰ ਮੈਂ ਉਨ੍ਹਾਂ ਮੰਤਰੀਆ ਨੂੰ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਨਸਾਫ ਮਿਲ ਗਿਆ ਹੈ।

ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਮੁਲਾਜ਼ਮਾਂ ਦੇ ਡੀਏ ਦੀਆਂ 2015 ਤੋਂ ਬਕਾਇਆ ਪਈਆਂ ਹਨ, ਪਰ ਹੁਣ ਸਰਕਾਰ ਨੇ ਇਸ ਬਜਟ ਵਿੱਚ ਕਿਹਾ ਕਿ ਜੁਲਾਈ 2021 ਤੋਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤ ਵਰਗ ਨਾਲ ਚੋਣਾਂ ਤੋਂ ਪਹਿਲਾਂ ਅਨੇਕਾਂ ਵਾਅਦੇ ਕੀਤੇ ਸਨ, ਪਰ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਸਰਕਾਰ ਵੱਲੋਂ ਨਾ ਦਿੱਤੇ ਜਾਣ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂਆਂ ਵੱਲੋਂ ਹਰ ਸਟੇਜ ਉਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ, ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕੀਤਾ। ਉਨ੍ਹਾਂ ਦਸੂਹਾ ਖੇਤਰ ਦੇ ਪਿਓ ਪੁੱਤ ਵੱਲੋਂ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਖੁਦਕੁਸ਼ੀ ਨੋਟ ਵਿੱਚ ਸਾਫ ਤੌਰ ਉਤੇ ਲਿਖਿਆ ਹੈ ਕਿ ਉਨ੍ਹਾਂ ਦੀ ਮੌਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਮੇਵਾਰ ਹਨ ਜਿਨ੍ਹਾਂ ਨੇ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਮੁਆਫ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ, ਬਿਜਲੀ ਦੇ ਰੇਟ ਘੱਟ ਕਰਨ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਾ ਹੋਇਆ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਜੀ ਨੂੰ ਹੱਥ ਵਿੱਚ ਫੜ੍ਹਕੇ ਸਹੁੰ ਚੁੱਕਦੇ ਹੋਏ ਪੰਜਾਬ ਵਿੱਚੋਂ ਨਸ਼ਾ ਮੁਆਫ ਕਰਨ, ਨੌਕਰੀਆਂ ਦੇਣ, ਹਰ ਤਰ੍ਹਾਂ ਦਾ ਮਾਫੀਆ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਕਿਸੇ ਵਾਅਦੇ ਉਤੇ ਪੂਰੇ ਨਾ ਉਤਰੇ। ਸਗੋਂ ਮਾਫੀਆ ਰਾਜ ਨੂੰ ਚਲਾਉਣ ਲਈ ਕਮਾਂਡ ਆਪਣੇ ਹੱਥ ਵਿੱਚ ਲੈ ਲਈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਸਰਕਾਰ ਬਣਾਉਣ ਤੋਂ ਬਾਅਦ ਆਪਣੀ ਗੱਡੀ ਆਪਣਾ ਰੁਜ਼ਾਗਰ ਸਕੀਮਾਂ ਵਰਗੇ ਅਨੇਕਾਂ ਪ੍ਰੋਗਰਾਮ ਚਲਾਏ ਪਰ 2021 ਵਿੱਚ ਆਉਂਦੇ ਆਉਂਦੇ ਦਮ ਤੋੜ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਅੱਜ ਕੈਪਟਨ ਸਰਕਾਰ ਤੋਂ ਨਰਾਜ਼ ਹੈ।

ਇਹ ਬਜਟ ਪੰਜਾਬ ਨੂੰ ਲਾਭ ਪਹੁੰਚਾਉਣ ਵਾਲਾ ਨਹੀਂ, ਸਗੋਂ ਲੋਕ ਵਿਰੋਧੀ ਬਜਟ ਹੈ।
ਵਿਧਾਨ ਸਭਾ ਵਿੱਚ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਕਿਹਾ ਕਿ ਜੋ ਪੰਜਾਬ ਕਦੇ ਖੁਸ਼ਹਾਲ ਪੰਜਾਬ ਹੁੰਦਾ ਸੀ ਅੱਜ ਤਰਸ ਦਾ ਪਾਤਰ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਸਰਕਾਰ ਵਿੱਚ ਰਹਿੰਦੀਆਂ ਹੋਈਆਂ ਪਾਰਟੀਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ, ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਪੰਜਾਬ ਪਛੜ ਰਿਹਾ ਹੈ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਬਜਟ ਵਿੱਚ ਕੋਈ ਅਜਿਹੀ ਮਦ ਨਹੀਂ ਦੱਸੀ ਜਿਸ ਰਾਹੀਂ ਖਜ਼ਾਨਾ ਭਰਨ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਹਰ ਸਾਲ 15600 ਕਰੋੜ ਦਾ ਕਰਜ਼ਾ ਵਧ ਰਿਹਾ ਹੈ, ਕਰਜ਼ੇ ਦਾ ਵਿਆਜ਼ ਮੋੜਨ ਲਈ ਹੋਰ ਨਵਾਂ ਕਰਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕੱਲੇ ਰੇਤਾ ਮਾਅਫੀਆ ਉਤੇ ਹੀ ਲਗਾਮ ਲਗਾਈ ਜਾਵੇ ਤਾਂ ਬਹੁਤ ਕਰਜ਼ਾ ਉਤਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਘੱਟ, ਕਾਂਗਰਸ ਦਾ 2022 ਦੀਆਂ ਚੋਣ ਲਈ ਮੈਨੀਫੈਸਟੋ ਵੱਧ ਲਗਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਅਜੇ ਤੱਕ ਕੋਈ ਟਰਾਂਸਪੋਰਟ ਨੀਤੀ ਨਹੀਂ ਆਈ, ਉਹ ਹੀ ਨੀਤੀ ਚੱਲ ਰਹੀ ਹੈ ਜੋ ਬਾਦਲ ਸਰਕਾਰ ਸਮੇਂ ਸੀ।

ਵਿਧਾਇਕ ਗੁਰਮੀਤ ਸਿੰਘ ਮੀਤਹੇਅਰ ਨੇ ਬੇਰੁਜ਼ਾਗਰੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਾਗਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਅੱਜ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਘਰ ਅੱਗੇ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਹਨ, ਪਰ ਉਨ੍ਹਾਂ ਦੀ ਮੰਗ ਉਤੇ ਅਜੇ ਤੱਕ ਵਿਚਾਰ ਨਹੀਂ ਕੀਤਾ ਸੀ। ਉਨ੍ਹਾਂ ਸਰਕਾਰ ਵਿਭਾਗਾਂ ਦਾ ਪੁਨਰਗਠਨ ਕਰਨ ਦੇ ਬਹਾਨੇ ਨੌਕਰੀਆਂ ਨੂੰ ਖਤਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੌਕਰੀਆਂ ਨਹੀਂ ਦੇਣੀਆਂ ਤਾਂ ਨਾ ਦੇਵੇ, ਪਰ ਅਸਾਮੀਆਂ ਖਤਮ ਕਰਕੇ ਸਦਾ ਲਈ ਰਾਹ ਬੰਦ ਨਾ ਕਰੇ। ਉਨ੍ਹਾਂ ਸਿਹਤ ਸਹੂਲਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਗਰੀਬ ਲੋਕਾਂ ਦਾ ਇਲਾਜ ਕਰਾਉਣ ਲਈ ਦਰ ਦਰ ਭਟਕ ਰਹੇ ਹਨ। ਮੈਡੀਕਲ ਸਿੱਖਿਆ ਵਿੱਚ ਫੀਸਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਮੈਡੀਕਲ ਦੀ ਸਿੱਖਿਆ ਐਨੀ ਮਹਿੰਗੀ ਹੋ ਗਈ ਹੈ ਕਿ ਇਕ ਆਮ ਵਿਅਕਤੀ ਦੇ ਬੱਚੇ, ਗਰੀਬ, ਮਜ਼ਦੂਰ ਦੇ ਬੱਚਿਆਂ ਲਈ ਮੈਡੀਕਲ ਸਿੱਖਿਆ ਦਾ ਰਾਹ ਸਦਾ ਲਈ ਬੰਦ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਜਟ ਤੋਂ ਹੋਇਆ ਸਾਬਤ, ਭਾਰਤ ਦੇ ਸਭ ਤੋਂ ਖਰਾਬ ਮੁੱਖ ਮੰਤਰੀ ਹਨ ਕੈਪਟਨ : ਹਰਪਾਲ ਚੀਮਾ

ਵੀਡੀਓ: ਕਥਿੱਤ ਬਲਾਤਕਾਰ ਮਾਮਲਾ: ਕਿਸੇ ਮੰਤਰੀ ਦਾ ਦਬਾਅ ਜਾਂ ਆਪ ਹੀ ਨਿਕੰਮੀ ਹੋਈ ਪੰਜਾਬ ਪੁਲਿਸ ?