-ਮੁੱਖ ਚੋਣ ਅਧਿਕਾਰੀ ਡਾ. ਰਾਜੂ ਵੱਲੋਂ ਸਾਰੇ ਡੀ.ਈ.ਓਜ਼ ਨੂੰ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੇ ਅਪਰਾਧਕ ਪਿਛੋਕੜ ਦੇ ਪ੍ਰਚਾਰ ਸਬੰਧੀ ਮਾਮਲੇ ਵਿੱਚ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
ਚੰਡੀਗੜ੍ਹ, 12 ਮਾਰਚ 2021 – ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਹਦਾਇਤਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਅਜਿਹੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਦੁਆਰਾ ਉਮੀਦਵਾਰਾਂ ਦੇ ਅਪਰਾਧਕ ਪਿਛੋਕੜ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਸੂਬੇ ਦੇ ਸਾਰੇ 22 ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ.) ਨੂੰ ਇਸ ਮਾਮਲੇ ਵਿੱਚ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡਾ. ਰਾਜੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ “ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਅਪਰਾਧਕ ਪਿਛੋਕੜ ਦੇ ਪ੍ਰਚਾਰ ਸਬੰਧੀ ਦਿਸ਼ਾ-ਨਿਰਦੇਸ਼” ਜਾਰੀ ਕੀਤੇ ਸਨ ਅਤੇ ਡੀਈਓਜ਼ ਨੂੰ ਇਹ ਦਿਸ਼ਾ ਨਿਰਦੇਸ਼ ਜ਼ਿਲ੍ਹੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਰਕੁਲੇਟ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੁਆਰਾ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਈ ਜਾ ਸਕੇ।
ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਗੌਰ ਕਰਨ ਲਈ ਲਈ ਜ਼ਿਲ੍ਹਾ ਪੱਧਰ
ਤੇ ਰਾਜਨੀਤਿਕ ਪਾਰਟੀਆਂ ਵਿਚ ਮਾਨਤਾ ਪ੍ਰਾਪਤ ਕੌਮੀ/ਸੂਬਾਈ ਰਾਜਨੀਤਿਕ ਪਾਰਟੀਆਂ ਅਤੇ ਰਾਜਾਂ ਦੀਆਂ ਮਾਨਤਾ ਪ੍ਰਾਪਤ ਜ਼ਿਲ੍ਹਾ ਰਾਜਨੀਤਿਕ ਪਾਰਟੀਆਂ ਅਤੇ ਜ਼ਿਲ੍ਹੇ ਵਿੱਚ ਸਥਿਤ ਸਾਰੀਆਂ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀਆਂ ਜ਼ਿਲ੍ਹਾ ਇਕਾਈਆਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਖ਼ਬਾਰ ਵਿੱਚ ਅਪਰਾਧਕ ਪਿਛੋਕੜ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਨ ਵਿੱਚ ਅਸਫ਼ਲ ਰਹਿਣ ਵਾਲੇ ਉਮੀਦਵਾਰ / ਰਾਜਨੀਤਿਕ ਪਾਰਟੀ ਨੂੰ ਸੀਈਓ ਦੁਆਰਾ ਨਿਰਧਾਰਤ ਫਾਰਮੈਟ ਵਿਚ ਨੋਟਿਸ ਜਾਰੀ ਕੀਤਾ ਜਾਵੇਗਾ।
ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਜਾਣਕਾਰੀ ਇੱਕ ਸਥਾਨਕ ਭਾਸ਼ਾ ਵਾਲੇ ਅਖਬਾਰ ਅਤੇ ਇੱਕ ਨੈਸ਼ਨਲ ਅਖਬਾਰ ਵਿੱਚ ਪ੍ਰਕਾਸ਼ਤ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀ ਦੇ ਫੇਸਬੁੱਕ ਅਤੇ ਟਵਿੱਟਰ ਸਮੇਤ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਜ਼ `ਤੇ ਵੀ ਇਹ ਜਾਣਕਾਰੀ ਦਿੱਤੀ ਜਾਵੇਗੀ।
ਦਿਸ਼ਾ-ਨਿਰਦੇਸ਼ਾਂ ਵਿੱਚ 13 ਫਰਵਰੀ, 2020 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸੰਦਰਭ ਵਿੱਚ ‘ਕੌਮੀ’ ਅਤੇ ‘ਸਥਾਨਕ ਭਾਸ਼ਾ’ ਵਾਲੇ ਅਖ਼ਬਾਰਾਂ ਦੇ ਅਰਥਾਂ ਬਾਰੇ ਦੱਸਿਆ ਗਿਆ ਹੈ। ਆਦੇਸ਼ ਦੇ ਅਨੁਸਾਰ, ਕੌਮੀ ਅਖਬਾਰ ਨੂੰ ਕਿਸੇ ਵੀ ਰੋਜ਼ਾਨਾ ਅਖਬਾਰ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਜਿਸਦਾ ਘੱਟੋ ਘੱਟ ਇੱਕ ਸੰਸਕਰਨ ਹੋਵੇ ਅਤੇ ਡੀਏਵੀਪੀ / ਆਡਿਟ ਬਿਊਰੋ ਆਫ਼ ਸਰਕੁਲੇਸ਼ਨ ਵੱਲੋਂ ਦਰਸਾਏ ਅਨੁਸਾਰ 75,000 ਤੋਂ ਵੱਧ ਸਰਕੁਲੇਸ਼ਨ ਹੋਵੇ।
ਦੂਜੇ ਪਾਸੇ ਸਥਾਨਕ ਭਾਸ਼ਾ ਵਾਲੇ ਅਖਬਾਰਾਂ ਨੂੰ ਕਿਸੇ ਵੀ ਰੋਜ਼ਾਨਾ ਅਖਬਾਰ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਜਿਸਦਾ ਘੱਟੋ ਘੱਟ ਇੱਕ ਸੰਸਕਰਨ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਭੂਗੋਲਿਕ ਖੇਤਰ ਵਿੱਚ ਸਥਾਨਕ ਭਾਸ਼ਾ ਵਿੱਚ ਪ੍ਰਕਾਸ਼ਤ ਕੀਤਾ ਜਾਂਦਾ ਹੋਵੇ ਅਤੇ ਡੀਏਵੀਪੀ / ਆਡਿਟ ਬਿਊਰੋ ਆਫ਼ ਸਰਕੁਲੇਸ਼ਨ ਵੱਲੋਂ ਦਰਸਾਏ ਅਨੁਸਾਰ ਘੱਟੋ ਘੱਟ 25,000 ਸਰਕੁਲੇਸ਼ਨ ਹੋਵੇ।