ਅੰਮ੍ਰਿਤਸਰ, 14 ਮਾਰਚ 2021 – ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਐਤਵਾਰ ਸਵੇਰੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਅਸਲ ‘ਚ ਅੱਜ ਸਵੇਰੇ ਕਰੀਬ ਚਾਰ ਵਜੇ ਦੋ ਧਿਰਾਂ ਦੀ ਮੈਡੀਕਲ ਲੀਗਲ ਰਿਪੋਰਟ ਕਰਵਾਉਣ ਮੌਕੇ ਝੜਪ ਹੋ ਗਈ। ਇਸ ਦੌਰਾਨ ਹੀ ਇਕ ਧਿਰ ਵੱਲੋਂ ਦੂਜੀ ‘ਤੇ ਗੋਲ਼ੀ ਚਲਾ ਦਿੱਤੀ ਗਈ। ਇਸ ਦੌਰਾਨ ਇੱਕ ਗੋਲ਼ੀ ਹਸਪਤਾਲ ‘ਚ ਕੰਮ ਕਰ ਰਹੇ ਐਮਰਜੈਂਸੀ ਮੈਡੀਕਲ ਅਫਸਰ ਭਵਨੀਤ ਸਿੰਘ ਨੂੰ ਲੱਗੀ। ਭਵਨੀਤ ਸਿੰਘ ਨੂੰ ਤਤਕਾਲ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਦੋ ਧਿਰਾਂ ਝਗੜੇ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਤੇ ਡਾਕਟਰ ਨੇ ਇਕ ਪੱਖ ਦੀ ਸੱਟ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰ ਲਿਆ। ਜਿਸ ਨੂੰ ਲੈ ਕੇ ਦੂਜੀ ਧਿਰ ਨੇ ਗੁੱਸੇ ‘ਚ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲ਼ੀ ਡਾਕਟਰ ਦੀ ਲੱਤ ‘ਤੇ ਲੱਗੀ ਤੇ ਦੋਸ਼ੀ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।