ਅੰਮ੍ਰਿਤਸਰ, 17 ਮਾਰਚ 2021 – ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇਲਾਕਾ ਢੱਪਈ ਰੋਡ ਏਕਤਾ ਨਗਰ ਵਿਖੇ ਤਿੰਨ ਹਮਲਾਵਰਾਂ ਵੱਲੋਂ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦਾ ਨਾਂਅ ਸਾਹਿਲ ਹੈ ਜੋ ਲਗਪਗ 23 ਸਾਲ ਦਾ ਸੀ ਅਤੇ ਉਹ ਵਿਆਹਿਆ ਹੋਇਆ ਸੀ ਤੇ ਉਸ ਦਾ ਸਾਢੇ ਚਾਰ ਸਾਲ ਦਾ ਬੇਟਾ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਘਟਨਾ ਦੀ ਜਾਣਕਾਰੀ ਮਿਲਦੇ ਏਡੀਸੀਪੀ ਹਰਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਇਜ਼ਾ ਲਿਆ।
ਮ੍ਰਿਤਕ ਸਾਹਿਲ ਰਾਤ 9 ਵਜੇ ਦੇ ਕਰੀਬ ਖਾਣਾ ਖਾਣ ਤੋਂ ਬਾਅਦ ਟਹਿਲਣ ਲਈ ਘਰੋਂ ਨਿੱਕਲਿਆ ਸੀ ਅਤੇ ਆਪਣੀ ਪਤਨੀ ਅਤੇ ਭਾਈ ਨੂੰ ਇਹ ਕਹਿ ਕੇ ਬਾਹਰ ਨਿਕਲਿਆ ਸੀ ਕਿ ਉਹ ਥੋੜ੍ਹਾ ਸੈਰ ਲਈ ਬਾਹਰ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਬਾਹਰ ਆ ਕੇ ਚਿਕਨ ਵਾਲੀ ਦੁਕਾਨ ਤੇ ਬੈਠ ਗਿਆ। ਇਸ ਦੌਰਾਨ ਹੀ ਬਾਈਕ ਤੇ ਤਿੰਨ ਹਮਲਾਵਰ ਉੱਥੇ ਪਹੁੰਚੇ, ਇਨ੍ਹਾਂ ਵਿੱਚੋਂ ਦੋ ਨੇ ਉਸ ਦੇ ਹੱਥ ਫੜ ਲਏ ਤੇ ਤੀਸਰੇ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਕਰੀਬ ਚਾਰ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਉਸ ਨੂੰ ਸਿੱਧੇ ਤੌਰ ਤੇ ਲੱਗੀਆਂ। ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਲੇਕਿਨ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਹ ਕਤਲ ਸੁਪਾਰੀ ਕਿਲਿੰਗ ਹੈ ਜਾਂ ਫਿਰ ਕਿਸੇ ਰੰਜਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ ਇਸ ਦੀ ਤਫ਼ਤੀਸ਼ ਵੀ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ