- ਪਹਿਲੇ ਪੜਾਅ ਤਹਿਤ ਮਾਣਮੱਤੀਆਂ ਪ੍ਰਾਪਤੀਆਂ ਵਾਲੇ 26 ਖਿਡਾਰੀਆਂ ਨੂੰ ਪੁਲਿਸ ਵਿੱਚ ਭਰਤੀ ਦੇ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 17 ਮਾਰਚ 2021 – ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਰਕਾਰੀ ਨੌਕਰੀ ਦੇ ਲਾਰਿਆਂ ਸਹਾਰੇ ਡੰਗ ਟਪਾ ਰਹੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ 26 ਖਿਡਾਰੀਆਂ ਨੂੰ ਅੱਜ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਸੌਂਪੇ। ਇਨਾਂ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਲਈ ਨਿਯੁਕਤੀ ਪੱਤਰ ਦਿੰਦਿਆਂ ਰਾਣਾ ਸੋਢੀ ਨੇ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਏ ਲਾਰਿਆਂ ਨੂੰ ਅਸੀਂ ਅਮਲੀ-ਜਾਮਾ ਪਹਿਨਾਇਆ ਹੈ ਅਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਅਸੀਂ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ।
ਇਨਾਂ ਕੁੱਲ 79 ਖਿਡਾਰੀਆਂ ਵਿੱਚੋਂ ਅੱਜ ਪਹਿਲੇ ਪੜਾਅ ਤਹਿਤ 3 ਸਬ-ਇੰਸਪੈਕਟਰਾਂ ਅਤੇ 23 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਕੌਮਾਂਤਰੀ ਤੇ ਕੌਮੀ ਪੱਧਰ ਉਤੇ ਵੱਖ ਵੱਖ ਖੇਡਾਂ ਵਿੱਚ ਸੋਨ ਤਮਗਾ ਜੇਤੂ ਹਨ। ਰਾਣਾ ਸੋਢੀ ਨੇ ਡੂੰਘੇ ਦੁੱਖ ਨਾਲ ਆਖਿਆ ਕਿ ਕੌਮਾਂਤਰੀ ਅਤੇ ਰਾਸ਼ਟਰੀ ਪੱਧਰ ’ਤੇ ਮਿਸਾਲੀ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਪਿਛਲੀ ਸਰਕਾਰ ਨੇ ਬਣਦੇ ਸਰਕਾਰੀ ਨੌਕਰੀ ਦੇ ਹੱਕ ਤੋਂ ਵਾਂਝੇ ਰੱਖਿਆ ਸੀ। ਹੁਣ ਸਾਡੀ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਪੈਰਵਾਈ ਕੀਤੀ ਅਤੇ ਖੇਡ ਵਿਭਾਗ ਦੇ ਲੰਮੇ ਉੱਦਮ ਤੋਂ ਬਾਅਦ ਇਨਾਂ ਖਿਡਾਰੀਆਂ ਦੀ ਰੋਜ਼ੀ-ਰੋਟੀ ਦਾ ਮਸਲਾ ਅਸਲ ਅਰਥਾਂ ਵਿੱਚ ਹੱਲ ਹੋਇਆ ਹੈ। ਉਨਾਂ ਕਿਹਾ ‘‘ਜਦੋਂ ਮੈਂ ਇਨਾਂ ਖਿਡਾਰੀਆਂ ਦੀ ਨਿਯੁਕਤੀ ਸਬੰਧੀ ਫਾਈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਪੇਸ਼ ਕੀਤੀ ਤਾਂ ਉਨਾਂ ਨੇ ਫੌਰੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ।’’ ਉਨਾਂ ਅੱਗੇ ਕਿਹਾ ਕਿ ਇੰਨਾ ਜ਼ਰੂਰ ਹੈ ਕਿ ਮੈਡੀਕਲ ਪੱਖੋਂ ਕੁੁੱਝ ਘਾਟਾਂ, ਵੱਧ ਉਮਰ ਅਤੇ ਦਸਤਾਵੇਜ਼ੀ ਊਣਤਾਈਆਂ ਕਾਰਨ ਨਿਯੁਕਤੀ ਪ੍ਰਕਿਰਿਆ ਨੇਪਰੇ ਚੜਨ ਵਿੱਚ ਕੁੱਝ ਦੇਰੀ ਜ਼ਰੂਰ ਹੋਈ ਹੈੈ।
ਨਵ-ਨਿਯੁਕਤ ਖਿਡਾਰੀਆਂ ਦੀਆਂ ਮੰਗਾਂ ’ਤੇ ਖੇਡ ਮੰਤਰੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨਾਂ ਦੀਆਂ ਜਾਇਜ਼ ਮੰਗਾਂ ਨੂੰ ਹਰ ਪੱਖੋਂ ਵਿਚਾਰਿਆ ਜਾਵੇਗਾ। ਉਨਾਂ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਅਤੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੂੰ ਇਸ ਸਬੰਧ ਵਿੱਚ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤ ਕੀਤੀ।
ਵੱਖ-ਵੱਖ ਖੇਡਾਂ ਨਾਲ ਸਬੰਧਤ ਕੁੱਲ 26 ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚੋਂ, ਜਿਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨਾਂ ਵਿੱਚ ਤਿੰਨ ਸਬ-ਇੰਸਪੈਕਟਰ ਸਰਪ੍ਰੀਤ ਸਿੰਘ (ਸਾਈਕਲਿੰਗ), ਗੁਰਿੰਦਰ ਸਿੰਘ (ਵਾਲੀਬਾਲ) ਅਤੇ ਜਗਦੀਪ ਕੁਮਾਰ (ਬਾਕਸਿੰਗ) ਸ਼ਾਮਲ ਹਨ, ਜਦੋਂ ਕਿ 23 ਉਮੀਦਵਾਰਾਂ ਗਗਨਦੀਪ ਸਿੰਘ (ਕਬੱਡੀ), ਗੁਰਬਾਜ਼ ਸਿੰਘ (ਸਾਈਕਲਿੰਗ), ਰੇਖਾ ਰਾਣੀ (ਸਾਈਕਲਿੰਗ), ਪੁਸ਼ਪਿੰਦਰ ਕੌਰ (ਸਾਈਕਲਿੰਗ), ਜਸਵੀਰ ਕੌਰ (ਵੇਟ ਲਿਫਟਿੰਗ), ਨੀਲਮ ਰਾਣੀ (ਤਲਵਾਰਬਾਜ਼ੀ), ਗਗਨਦੀਪ ਕੌਰ (ਹੈਂਡਬਾਲ), ਰਮਨਜੋਤ ਕੌਰ (ਹੈਂਡਬਾਲ), ਹਰਵਿੰਦਰ ਕੌਰ (ਹੈਂਡਬਾਲ), ਰਵਿੰਦਰਜੀਤ ਕੌਰ (ਕੈਨੋਇੰਗ), ਗੁਰਮੀਤ ਕੌਰ (ਤਲਵਾਰਬਾਜ਼ੀ), ਮਨਦੀਪ ਕੌਰ (ਹੈਂਡਬਾਲ), ਰੁਪਿੰਦਰਜੀਤ ਕੌਰ (ਹੈਂਡਬਾਲ), ਜਸਪਿੰਦਰ ਕੌਰ (ਕਬੱਡੀ ਸਰਕਲ ਸਟਾਈਲ), ਅੰਜੂ ਸ਼ਰਮਾ (ਕਬੱਡੀ), ਜਤਿੰਦਰ ਸਿੰਘ (ਬਾਕਸਿੰਗ), ਹਰਪ੍ਰੀਤ ਕੌਰ (ਅਥਲੈਟਿਕਸ), ਪਲਕ (ਬਾਸਕਟਬਾਲ), ਸੰਦੀਪ ਕੌਰ (ਕਬੱਡੀ), ਪ੍ਰੀਤੀ (ਕੁਸ਼ਤੀ), ਸਰਬਜੀਤ (ਫੁੱਟਬਾਲ), ਅਜੈ ਕੁਮਾਰ (ਤਾਈਕਵਾਂਡੋ) ਅਤੇ ਸਿਮਰਜੀਤ ਕੌਰ (ਕਬੱਡੀ) ਦੀ ਕਾਂਸਟੇਬਲ ਵਜੋਂ ਨਿਯੁਕਤੀ ਹੋਈ ਹੈ।
ਇਸ ਸੰਖੇਪ ਸਮਾਗਮ ਦੌਰਾਨ ਐਨ.ਆਰ.ਆਈ. ਮਾਮਲਿਆਂ ਦੇ ਏ.ਡੀ.ਜੀ.ਪੀ. ਸ੍ਰੀ ਏ.ਐੱਸ. ਰਾਏ, ਖੇਡ ਸਕੱਤਰ (ਪੁਲਿਸ) ਪਦਮ ਸ੍ਰੀ ਬਹਾਦਰ ਸਿੰਘ ਅਤੇ ਖੇਡ ਕੌਂਸਲ ਦੇ ਸੰਯੁਕਤ ਸਕੱਤਰ ਸ੍ਰੀ ਕਰਤਾਰ ਸਿੰਘ ਵੀ ਹਾਜ਼ਰ ਸਨ।