- ਪੀ.ਪੀ.ਐਸ.ਸੀ. ਨੂੰ ਭੇਜੀ ਮੰਗ, ਨੌਕਰੀਆਂ ਲਈ ਅਰਜ਼ੀਆਂ ਦੇਣ ਸਬੰਧੀ ਇਸ਼ਤਿਹਾਰ ਜਾਰੀ
ਚੰਡੀਗੜ੍ਹ, 17 ਮਾਰਚ 2021 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਲੈਗਸ਼ਿਪ ਸਕੀਮ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ‘ ਤਹਿਤ ਇੱਕ ਵੱਡੀ ਭਰਤੀ ਮੁਹਿੰਮ ਤਹਿਤ ਵੱਖ-ਵੱਖ ਮਹਿਕਮਿਆਂ ਵਿੱਚ ਮੌਜੂਦਾ ਪੰਜਾਬ ਸਰਕਾਰ ਵਲੋਂ 1318 ਇੰਜਨੀਅਰਾਂ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਪਹਿਲਕਦਮੀ ਨਾਲ ਇੰਜਨੀਅਰਿੰਗ ਗ੍ਰੈਜੂਏਟ ਦੀ ਪੜਾਈ ਕਰ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਜੋ 2016 ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਹਨ ਜਦੋਂ ਸੂਬਾ ਸਰਕਾਰ ਵੱਲੋਂ 216 ਇੰਜੀਨੀਅਰ ਭਰਤੀ ਕੀਤੇ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇੰਜੀਨੀਅਰ ਨੌਜਵਾਨਾਂ ਲਈ ਵੱਖ-ਵੱਖ ਅਸਾਮੀਆਂ ਭਰਨ ਸਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਨੂੰ ਮੰਗ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਪੀ.ਪੀ.ਐਸ.ਸੀ. ਵਲੋਂ ਭਰਤੀ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਸ ਭਰਤੀ ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਨੇ ਦੱਸਿਆ ਕਿ ਕੁੱਲ 1318 ਅਸਾਮੀਆਂ ਦੀ ਭਰਤੀ ਲਈ ਪ੍ਰਾਰਥਨਾ ਭੇਜੀ ਗਈ ਹੈ, ਜਿਹਨਾਂ ਵਿਚ 1075 ਜੂਨੀਅਰ ਇੰਜੀਨੀਅਰ (ਸਿਵਲ), 80 ਜੂਨੀਅਰ ਇੰਜੀਨੀਅਰ (ਮਕੈਨੀਕਲ), 15 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 04 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ / ਮਕੈਨੀਕਲ), 94 ਸਬ-ਡਵੀਜਨਲ ਇੰਜੀਨੀਅਰ (ਸਿਵਲ) ਅਤੇ 50 ਸਬ-ਡਵੀਜਨਲ ਇੰਜੀਨੀਅਰ (ਇਲੈਕਟ੍ਰੀਕਲ / ਮਕੈਨੀਕਲ) ਸ਼ਾਮਲ ਹਨ ।
ਉਹਨਾਂ ਅੱਗੇ ਕਿਹਾ ਕਿ ਇਨਾਂ ਅਸਾਮੀਆਂ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ’ਤੇ ਕੀਤੀ ਜਾਵੇਗੀ।
ਸੂਬਾ ਸਰਕਾਰ ਵੱਲੋਂ ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਇੰਜੀਨੀਅਰਿੰਗ ਗ੍ਰੈਜੂਏਟਾਂ ਦੀ ਇੰਨੇ ਵੱਡੇ ਪੱਧਰ ‘ਤੇ ਭਰਤੀ ਦੀ ਮੁਹਿੰਮ ਚਲਾਈ ਗਈ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇੰਜੀਨੀਅਰਿੰਗ ਗ੍ਰੈਜੂਏਟਾਂ ਦੀ ਆਖਰੀ ਭਰਤੀ 2016 ਵਿਚ ਕੀਤੀ ਗਈ ਸੀ ਜਦੋਂ ਸਿਰਫ 216 ਅਸਾਮੀਆਂ ਭਰੀਆਂ ਗਈਆਂ ਸਨ। ਇਸ ਤੋਂ ਪਹਿਲਾਂ ਸਾਲ 2014 ਵਿੱਚ ਸਿਰਫ 30 ਅਸਾਮੀਆਂ ਅਤੇ 2012 ਵਿੱਚ ਸਿਰਫ 25 ਅਜਿਹੀਆਂ ਅਸਾਮੀਆਂ ਭਰੀਆਂ ਗਈਆਂ ਸਨ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵਲੋਂ ਵੱਖ- ਵੱਖ ਵਿਭਾਗਾਂ ਵਿੱਚ 1 ਲੱਖ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ। ਪੰਜਾਬ ਕੈਬਨਿਟ ਵੱਲੋਂ 61,000 ਅਸਾਮੀਆਂ ਨੂੰ ਭਰਨ ਦੀ ਮਨਜੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਲਗਭਗ 8079 ਭਰਤੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ ਅਤੇ 27206 ਖਾਲੀ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ, ਜਿਸ ਵਿਚੋਂ 18409 ਅਸਾਮੀਆਂ ਦੀ ਭਰਤੀ ਸਬੰਧੀ ਮੰਗ ਪੀ.ਪੀ.ਐਸ.ਸੀ. / ਐਸ.ਐਸ.ਐਸ.ਬੀ. / ਤੀਜੀ ਧਿਰ ਨੂੰ ਭੇਜੀ ਜਾ ਚੁੱਕੀ ਹੈ ਅਤੇ 8797 ਅਸਾਮੀਆਂ ਦੀ ਭਰਤੀ ਸਬੰਧੀ ਇਸ਼ਤਿਹਾਰ ਵਿਭਾਗ ਵਲੋਂ ਆਪਣੇ ਪੱਧਰ ’ਤੇ ਜਾਰੀ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਲਈ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਦੇ ਤਹਿਤ ਹਰ ਜ਼ਿਲੇ ਵਿੱਚ ਬਿਊਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜ਼ਜ (ਡੀ.ਬੀ.ਈ.ਈਜ਼) ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਨੌਕਰੀ ਦੇ ਚਾਹਵਾਨ ਨੌਜਵਾਨਾਂ ਦੀ ਸਹਾਇਤਾ ਲਈ ਵਨ ਸਟਾਪ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਮੌਜੂਦਾ ਸਰਕਾਰ ਵਲੋਂ ਕੀਤੇ ਅਜਿਹੇ ਸਾਰੇ ਉਪਰਾਲਿਆਂ ਸਦਕਾ ਪਿਛਲੇ 4 ਸਾਲਾਂ ਦੌਰਾਨ 16.29 ਲੱਖ ਨੌਜਵਾਨਾਂ ਨੂੰ ਰੋਜ਼ਾਨਾ ਦਿਹਾੜੀ ਅਤੇ ਸਵੈ-ਰੁਜਗਾਰ ਵਿੱਚ ਸਹਾਇਤਾ ਕੀਤੀ ਗਈ ਹੈ।