ਸਾਲ 2022 ਦੀਆਂ ਚੋਣਾਂ ਲਈ ਅਸ਼ੀਰਵਾਦ ਲੈਣ ਵਾਸਤੇ ਲੋਕਾਂ ਕੋਲ ਜਾਣ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਕਰਾਂਗੇ – ਕੈਪਟਨ

  • ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਆਪ ਕਾਂਗਰਸ ਦੀਆਂ ਵਿਰੋਧੀ ਨਹੀਂ, ਦੋਵੇਂ ਧਿਰਾਂ ਮੁਕਾਬਲੇ ‘ਚ ਨਹੀਂ ਖੜ੍ਹਦੀਆਂ
  • ਪੰਜਾਬ ਕਾਂਗਰਸ ਵਿੱਚ ਹਰੇਕ ਚਾਹੁੰਦਾ ਹੈ ਕਿ ਸਿੱਧੂ ਟੀਮ ਦਾ ਹਿੱਸਾ ਬਣੇ

ਚੰਡੀਗੜ੍ਹ, 18 ਮਾਰਚ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਜਾ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਲੋਕਾਂ ਦਾ ਅਸ਼ੀਰਵਾਦ ਲੈਣ ਵਾਸਤੇ ਮੁੜ ਉਨ੍ਹਾਂ ਕੋਲ ਜਾਣ ਤੋਂ ਪਹਿਲਾਂ ਸਾਲ 2017 ਦੇ ਚੋਣ ਵਾਅਦੇ ਪੂਰੇ ਕਰਨ ਦਾ ਪ੍ਰਣ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਕੋਈ ਵਿਰੋਧੀ ਨਹੀਂ ਹੈ ਕਿਉਂਕਿ ਨਾ ਤਾਂ ਅਕਾਲੀ ਅਤੇ ਨਾ ਹੀ ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਖੜ੍ਹਦੇ ਹਨ।

ਮੁੱਖ ਮੰਤਰੀ ਨੇ ਪ੍ਰਣ ਕੀਤਾ, ”ਜੋ ਕੁਝ ਅਸੀਂ ਸ਼ੁਰੂ ਕੀਤਾ ਹੈ, ਉਸ ਨੂੰ ਮੁਕੰਮਲ ਕਰਕੇ ਰਹਾਂਗੇ।” ਮੁੱਖ ਮੰਤਰੀ ਨੇ ਪੰਜਾਬ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਹਰੇਕ ਉਸ ਵਾਅਦੇ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਜੋ ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਚੋਣਾਂ ਵਿੱਚ ਸੂਬੇ ਦੇ ਲੋਕਾਂ ਨਾਲ ਕੀਤੇ ਸਨ। ਉਨ੍ਹਾਂ ਦੱਸਿਆ ਕਿ 85 ਫੀਸਦੀ ਤੋਂ ਵੱਧ ਚੋਣ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਕਿਸੇ ਵੀ ਸੂਬੇ ਵਿੱਚ ਕਿਸੇ ਵੀ ਪਾਰਟੀ ਲਈ ਇਹ ਇਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਪਿਛਲਾ ਰਿਕਾਰਡ ਆਂਧਰਾ ਪ੍ਰਦੇਸ਼ ਵਿੱਚ ਚੰਦਰਬਾਬੂ ਨਾਇਡੂ ਦਾ ਸੀ ਜਿਸ ਨੇ 81 ਫੀਸਦੀ ਵਾਅਦੇ ਪੂਰੇ ਕੀਤੇ ਸਨ।

ਫਿਰਕੂ ਤਣਾਅ ਤੇ ਗੜਬੜੀ ਦਾ ਸਮਾਂ ਹੰਢਾਉਣ ਵਾਲੇ ਸੂਬੇ ਵਿੱਚ ਪੰਜਾਬੀਅਤ ਦੀ ਕਾਇਮੀ ਯਕੀਨੀ ਬਣਾਉਣ ਨੂੰ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਅਮਨ-ਚੈਨ ਚਾਹੁੰਦੇ ਹਨ ਜਿੱਥੇ ਉਹ ਸ਼ਾਂਤਮਈ ਮਾਹੌਲ ਵਿੱਚ ਆਪਣਾ ਕੰਮਕਾਜ ਜਾਂ ਕਾਰੋਬਾਰ ਕਰ ਸਕਦੇ ਹਨ। ਆਪਣੀ ਸਰਕਾਰ ਦੇ ਚਾਰ ਵਰ੍ਹੇ ਮੁਕੰਮਲ ਹੋਣ ‘ਤੇ ਪ੍ਰੈਸ ਕਾਨਫਰੰਸ ਦੌਰਾਨ ਵੱਖ-ਵੱਖ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ,”ਲੋਕ ਸਾਡੀ ਕਾਰਗੁਜ਼ਾਰੀ ਅਤੇ ਸ਼ਾਸਨ ਦੇਖਣਗੇ।”

ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੇ ਚੋਣ ਵਾਅਦਿਆਂ ਬਾਰੇ ਸਵਾਲਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵਿੱਤੀ ਮਜਬੂਰੀਆਂ ਖਾਸ ਕਰਕੇ ਕੋਵਿਡ ਦੀ ਅਣਕਿਆਸੀ ਸਥਿਤੀ ਕਾਰਨ ਉਨ੍ਹਾਂ ਦੀ ਸਰਕਾਰ ਨੂੰ ਕੁਝ ਵਾਅਦੇ ਪੂਰਾ ਕਰਨ ਤੋਂ ਪਿੱਛੇ ਹਟਣਾ ਪਿਆ। ਉਨ੍ਹਾਂ ਕਿਹਾ ਕਿ ਮਾਲੀਆ ਵਧ ਰਿਹਾ ਹੈ ਅਤੇ ਜਦੋਂ ਵੀ ਸੰਭਵ ਹੋਇਆ, ਇਹ ਵਾਅਦੇ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਅਗਲੀਆਂ ਚੋਣਾਂ ਤੋਂ ਪਹਿਲਾਂ ਸਾਰੇ ਵਾਅਦੇ ਪੂਰਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ 5.64 ਲੱਖ ਕਿਸਾਨਾਂ ਦਾ ਕਰਜ਼ਾ ਪਹਿਲਾਂ ਹੀ ਮੁਆਫ਼ ਕੀਤਾ ਜਾ ਚੁੱਕਾ ਹੈ ਅਤੇ ਇਸ ਵੇਲੇ ਖੇਤ ਮਜ਼ਦੂਰਾਂ ਨੂੰ ਵੀ ਕਰਜ਼ਾ ਮੁਆਫ਼ੀ ਦੀ ਨੀਤੀ ਦਾ ਲਾਭ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਬਜਟ ਵਿੱਚ ਕੀਤੇ ਗਏ ਸਾਰੇ ਪ੍ਰਸਤਾਵ ਯਥਾਰਥ ‘ਤੇ ਅਧਾਰਿਤ ਹਨ।

ਨਵਜੋਤ ਸਿੰਘ ਸਿੱਧੂ ਦੀ ਬਹਾਲੀ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ, ”ਹਰ ਕੋਈ ਚਾਹੁੰਦਾ ਹੈ ਕਿ ਉਹ ਸਾਡੀ ਟੀਮ ਦਾ ਹਿੱਸਾ ਬਣੇ।” ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਉਸ ਦੇ ਬਚਪਨ ਤੋਂ ਜਾਣਦੇ ਹਨ ਅਤੇ ਬੀਤੇ ਦਿਨ ਵੀ ਉਨ੍ਹਾਂ ਨਾਲ ਮੀਟਿੰਗ ਬਹੁਤ ਹੀ ਸੁਖਾਵੀਂ ਰਹੀ ਹੈ। ਉਹ ਆਸਵੰਦ ਹਨ ਕਿ ਸਿੱਧੂ ਮੁੜ ਵਾਪਸੀ ਦਾ ਫੈਸਲਾ ਜਲਦ ਹੀ ਲੈਣਗੇ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ‘ਤੇ ਵੀ ਖੁਸ਼ ਹੋਣਗੇ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਵੀ ਟੀਮ ਦਾ ਹਿੱਸਾ ਬਣਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਹਰੇਕ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਹਨ ਪਰ ਇਹ ਫੈਸਲਾ ਕਰਨਾ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ, ”ਮੁਸ਼ਕਲ ਘੜੀਆਂ ਵਿੱਚ ਤੁਹਾਨੂੰ ਆਪਣੀਆਂ ਖਾਹਿਸ਼ਾਂ ਨੂੰ ਇਕ ਪਾਸੇ ਕਰਨਾ ਹੋਵੇਗਾ ਅਤੇ ਪਾਰਟੀ ਨਾਲ ਖੜ੍ਹਨਾ ਪਵੇਗਾ।”

ਇਕ ਸਵਾਲ ਕਿ ਕੀ ਉਹ ਸਾਲ 2022 ਵਿੱਚ ਕਾਂਗਰਸ ਦੀ ਅਗਵਾਈ ਕਰਨਗੇ ਅਤੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਰਨਾ ਹੈ। ਪ੍ਰਸ਼ਾਤ ਕਿਸ਼ੋਰ ਦੀ ਨਿਯੁਕਤੀ ਸਬੰਧੀ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਲੋਕਤੰਤਰ ਵਿੱਚ ਹਰੇਕ ਆਗੂ ਅਤੇ ਪਾਰਟੀ ਕੋਲ ਰਣਨੀਤੀਕਾਰਾਂ ਦੀ ਟੀਮ ਹੁੰਦੀ ਹੈ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਬਨਾਮ ਪੇਪਰ ਬੈਲਟ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਈ.ਵੀ.ਐਮਜ਼ ਦਾ ਵਿਰੋਧ ਕਰਨ ਵਾਲੇ ਮੋਹਰੀ ਵਿਅਕਤੀਆਂ ਵਿੱਚੋਂ ਇਕ ਸਨ ਕਿਉਂ ਜੋ ਇਨ੍ਹਾਂ ਵਿੱਚ ਛੇੜਛਾੜ ਹੋ ਸਕਦੀ ਹੈ ਜਿਸ ਬਾਰੇ ਉਨ੍ਹਾਂ ਇਕ ਸਮੇਂ ਚੋਣ ਕਮਿਸ਼ਨ ਕੋਲ ਵੀ ਸਾਬਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਪਾਨ, ਸਵੀਡਨ ਤੇ ਯੂ.ਕੇ. ਜਿਹੇ ਵਿਕਸਿਤ ਦੇਸ਼ ਵੀ ਈ.ਵੀ.ਐਮਜ਼ ਦੀ ਵਰਤੋਂ ਨਹੀਂ ਕਰਦੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀ ਭਾਈਚਾਰਾ ਐਕਟ ਵਿੱਚ ਵਾਧਾ ਕਰੇ – ਰਵਨੀਤ ਬਿੱਟੂ

ਬਾਘਾ ਪੁਰਾਣਾ ਕਿਸਾਨ ਮਹਾਸੰਮੇਲਨ ਵਿੱਚ ਆਉਣਗੇ ਕੇਜਰੀਵਾਲ , ਕਿਸਾਨਾਂ ਦੀ ਆਵਾਜ਼ ਚੁੱਕਣਗੇ